ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਅਗਸਤ
ਪੀਏਯੂ ਸਟੂਡੈਂਟ ਯੂਨੀਅਨ ਅਤੇ ਬੇਰੁਜ਼ਗਾਰ ਖੇਤੀਬਾੜੀ ਅਫਸਰਾਂ ਵੱਲੋਂ ਅੱਜ ਪੀਏਯੂ ਦੇ ਗੇਟ ਨੰਬਰ ਇੱਕ ਦੇ ਬਾਹਰ ਸੜਕ ’ਤੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਬੱਸਾਂ ਵਿੱਚ ਖੇਤੀਬਾੜੀ ਵਿਭਾਗ ਵਿੱਚ ਖ਼ਾਲੀ ਪਈਆਂ ਅਸਾਮੀਆਂ ਵਾਲੇ ਪਰਚੇ ਵੰਡ ਕੇ ਯਾਤਰੀਆਂ ਨੂੰ ਜਾਗਰੂਕ ਵੀ ਕੀਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਬਰੈੱਡ, ਪਕੌੜੇ, ਚਾਹ ਅਤੇ ਸਬਜ਼ੀਆਂ ਵੇਚ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ ਹੈ, ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਇਸੇ ਕੜੀ ਤਹਿਤ ਅੱਜ ਲੁਧਿਆਣਾ-ਫਿਰੋਜ਼ਪੁਰ ਰੋਡ ’ਤੇ ਕੁੱਝ ਸਮੇਂ ਲਈ ਜਾਮ ਲਾਇਆ ਗਿਆ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਹਰ ਪਿੰਡ ਵਿੱਚ ਖੇਤੀਬਾੜੀ ਮਾਸਟਰ ਭਰਤੀ ਕਰਨ ਦਾ ਦਾਅਵਾ ਕੀਤਾ ਸੀ ਪਰ ਖੇਤੀਬਾੜੀ ਵਿਭਾਗ ਵਿੱਚ ਪਹਿਲਾਂ ਤੋਂ ਖਾਲੀ ਪਈਆਂ ਅਸਾਮੀਆਂ ਅਜੇ ਤੱਕ ਭਰੀਆਂ ਨਹੀਂ ਗਈਆਂ। ਇਹੋ ਕਾਰਨ ਹੈ ਕਿ ਖੇਤੀਬਾੜੀ ਦੀ ਪੜ੍ਹਾਈ ਕਰਨ ਵਾਲੇ ਬਹੁਤੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਏਡੀਓ ਦੀਆਂ 934 ਵਿੱਚੋਂ 410 ਅਸਾਮੀਆਂ ਖਾਲੀ ਹਨ, ਏਐੱਸਆਈ ਦੀਆਂ 725 ਵਿੱਚੋਂ 350, ਐੱਚਡੀਓ ਦੀਆਂ 225 ਵਿੱਚੋਂ 125, ਐੱਸਸੀਓ ਦੀਆਂ 226 ਵਿੱਚੋਂ 129, ਡੀਐੱਮਓ ਦੀਆਂ 23 ਵਿੱਚੋਂ 18 ਅਤੇ ਮਾਰਕੀਟ ਸੈਕਟਰੀ ਦੀਆਂ 120 ਵਿੱਚੋਂ 56 ਅਸਾਮੀਆਂ ਖਾਲੀ ਪਈਆਂ ਹਨ। ਖਾਲੀ ਅਸਾਮੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਅੱਜ ਫਿਰੋਜ਼ਪੁਰ ਰੋਡ ’ਤੇ ਬੱਸਾਂ ਰੋਕ ਕੇ ਲੋਕਾਂ ਨੂੰ ਇਹ ਸਾਰੇ ਵੇਰਵੇ ਵਾਲੇ ਪਰਚੇ ਵੰਡੇ ਗਏ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਦੀ ਡੁੱਬਦੀ ਹੋਈ ਕਿਸਾਨੀ ਨੂੰ ਬਚਾਉਣ ਲਈ ਇਹ ਅਸਾਮੀਆਂ ਤੁਰੰਤ ਭਰੀਆਂ ਜਾਣੀਆਂ ਚਾਹੀਦੀਆਂ ਹਨ। ਰੋਸ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ਵੱਖ ਵੱਖ ਨਾਅਰੇ ਅਤੇ ਖਾਲੀ ਅਸਾਮੀਆਂ ਦੇ ਵੇਰਵਿਆਂ ਵਾਲੇ ਪੋਸਟਰ ਵੀ ਫੜੇ ਹੋਏ ਸਨ।