ਸਤਵਿੰਦਰ ਬਸਰਾ
ਲੁਧਿਆਣਾ, 21 ਅਕਤੂਬਰ
ਪੀਏਯੂ ਦੀਆਂ ਤਿੰਨ ਮੁਲਾਜ਼ਮ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਰੋਸ ਪ੍ਰਦਰਸ਼ਨ ਅੱਜ ਨੌਵੇਂ ਦਿਨ ਵੀ ਜਾਰੀ ਰਿਹਾ। ਮੁਲਾਜ਼ਮਾਂ ਨੇ ਪੀਏਯੂ ਦਾ ਰਜਿਸਟਰਾਰ ਪਹਿਲਾਂ ਵਾਂਗ ਇੱਕ ਆਈਏਐੱਸ ਅਧਿਕਾਰੀ ਨੂੰ ਲਗਾਉਣ ਦੀ ਮੰਗ ਕੀਤੀ ਹੈ। ਪੀਏਯੂ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ ਪੀਏਯੂ ਐਂਪਲਾਈਜ਼ ਯੂਨੀਅਨ, ਪੀਏਯੂ ਟੀਚਰਜ਼ ਐਸੋਸੀਏਸ਼ਨ ਅਤੇ ਫੌਰਥ ਕਲਾਸ ਯੂਨੀਅਨ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਇਨ੍ਹਾਂ ਜਥੇਬੰਦੀਆਂ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ, ਡਾ. ਹਰਮੀਤ ਸਿੰਘ ਕਿੰਗਰਾ ਅਤੇ ਕਮਲ ਸਿੰਘ ਨੇ ਕਿਹਾ ਕਿ ਪਹਿਲਾਂ ਵਾਂਗ ਪੀਏਯੂ ਵਿੱਚ ਆਈਏਐਸ ਰਜਿਸਟਰਾਰ ਲਾਇਆ ਜਾਣਾ ਚਾਹੀਦਾ ਹੈ ਤਾਂ ਜੋ ’ਵਰਸਿਟੀ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਹੋ ਸਕੇ। ਇਨ੍ਹਾਂ ਆਗੂਆਂ ਨੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਨ, ਏਐੱਸਆਈ ਦੀ ਤਰੱਕੀ ਲਈ ਯੋਗਤਾ ਤੇ ਤਜਰਬਾ ਘੱਟ ਕਰਨ, ਲਾਇਬਰੇਰੀ ਅਟੈਂਡੈਂਟ ਦਾ ਗਰੇਡ ਪੇਅ-2400 ਕਰਨ, ਕੋਰਟਕੇਸ ਜਿੱਥੇ ਲੈਬ ਅਟੈਂਡੈਂਟਾਂ ਦੇ ਕੇਸ ਨੂੰ ਲਾਗੂ ਕਰਨ, ਟੈਕਨੀਸ਼ੀਅਨ ਸਟਾਫ ਦੀ ਤਰੱਕੀ ਲਈ ਤਜਰਬਾ ਘਟਾਉਣ, ਦਫ਼ਤਰੀ/ ਟੈਕਨੀਕਲ ਸਟਾਫ ਦੀਆਂ ਤਰੱਕੀ ਦੀਆਂ ਅਸਾਮੀਆਂ ਭਰਵਾਉਣ, ਡੀਪੀਐਲ/ ਕੰਟਰੈਕਟ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ। ਰੋਸ ਪ੍ਰਦਰਸ਼ਨ ਤੋਂ ਬਾਅਦ ਧਰਨੇ ’ਤੇ ਬੈਠਣ ਵਾਲੇ ਆਗੂਆਂ ਵਿੱਚ ਡਾ. ਡੀਕੇ ਸ਼ਰਮਾ, ਡਾ. ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਬਿੱਕਰ ਸਿੰਘ ਅਤੇ ਕਰਮਬੀਰ ਸਿੰਘ ਸ਼ਾਮਿਲ ਸਨ। ਇਸ ਰੋਸ ਪ੍ਰਦਰਸ਼ਨ ਅਤੇ ਧਰਨੇ ਨੂੰ ਗੁਰਇਕਬਾਲ ਸਿੰਘ ਸੋਹੀ, ਧਰਮਿੰਦਰ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ। ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੋਵਿਡ-19 ਦੀ ਮਹਾਮਾਰੀ ਦੇ ਬਾਵਜੂਦ ਯੂਨੀਵਰਸਿਟੀ ਵੱਲੋਂ ਮੁਲਾਜ਼ਮ ਯੂਨੀਅਨਾਂ ਦੀਆਂ ਮੰਗਾਂ ਬਾਰੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ । ਇਸ ਦੌਰਾਨ ਮੁਲਾਜ਼ਮਾਂ ਦੇ ਕੁਝ ਵਰਗ ਪਦ ਉੰਨਤ ਹੋਏ ਹਨ ਤੇ ਕੁਝ ਵਰਗਾਂ ਵਿੱਚ ਇਹ ਪ੍ਰਕਿਰਿਆ ਜਾਰੀ ਹੈ।