ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਨਵੰਬਰ
ਪੀਏਯੂ ਦੇ ਖੇਤੀ ਇੰਜਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਸਾਲਾਨਾ ਮਿਲਣੀ ਧੂਮ ਧਾਮ ਨਾਲ ਸੰਪੂਰਨ ਹੋਈ। ਇਸ ਵਿੱਚ ਦੇਸ਼-ਵਿਦੇਸ਼ ਤੋਂ ਪਿਛਲੇ ਸਾਲਾਂ ਵਿਚ ਇਸ ਕਾਲਜ ਤੋਂ ਵੱਖ ਵੱਖ ਵਿਭਾਗਾਂ ਦੀਆਂ ਡਿਗਰੀਆਂ ਹਾਸਲ ਕਰਨ ਵਾਲੇ ਸਾਬਕਾ ਵਿਦਿਆਰਥੀ ਸ਼ਾਮਲ ਹੋਏ। ਕਾਲਜ ਦੀ ਰਵਾਇਤ ਮੁਤਾਬਕ ਇਸ ਮਿਲਣੀ ਵਿਚ ਸਭ ਤੋਂ ਵੱਧ ਉਮਰ ਦੇ ਸਾਬਕਾ ਵਿਦਿਆਰਥੀ ਨੂੰ ਇਸ ਮੀਟ ਦਾ ਮੁੱਖ ਮਹਿਮਾਨ ਬਣਾਇਆ ਜਾਂਦਾ ਹੈ। ਇਸ ਵਾਰ ਪ੍ਰੇਮ ਕੁਮਾਰ ਗੁਪਤਾ ਮੁੱਖ ਮਹਿਮਾਨ ਬਣੇ।
ਸ੍ਰੀ ਗੁਪਤਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਖੇਤੀ ਇੰਜਨੀਅਰਿੰਗ ਕਾਲਜ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਮਹੱਤਵਪੂਰਨ ਸੰਸਥਾ ਹੈ। ਕਾਲਜ ਦੇ ਡੀਨ ਅਤੇ ਐਲੂਮਨੀ ਐਸੋਸੀਏਸ਼ਨ ਦੇ ਸਰਪ੍ਰਸਤ ਡਾ. ਅਸ਼ੋਕ ਕੁਮਾਰ ਨੇ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਕਿ ਉਹ ਅਕਸਰ ਕਾਲਜ ਨਾਲ ਜੁੜ ਕੇ ਨਵੇਂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦੇ ਰਹਿੰਦੇ ਹਨ। ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਤੀਸ਼ ਕੁਮਾਰ ਗੁਪਤਾ ਨੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ। ਸਾਬਕਾ ਵਿਦਿਆਰਥੀਆਂ ਨੇ ਐਲੂਮਨੀ ਸੰਪਰਕ ਕੇਂਦਰ ਦਾ ਦੌਰਾ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕੇਂਦਰ ਆਉਣ ਵਾਲੇ ਇੰਜੀਨੀਅਰਾਂ ਨੂੰ ਬਿਹਤਰ ਭਵਿੱਖ ਵੱਲ ਲਿਜਾਣ ਵਿਚ ਭੂਮਿਕਾ ਅਦਾ ਕਰੇਗਾ।
ਉਦਘਾਟਨੀ ਸੈਸ਼ਨ ਵਿਚ ਡਾ. ਸਮਨਪ੍ਰੀਤ ਕੌਰ ਨੇ ਸਵਾਗਤੀ ਸ਼ਬਦ ਕਹੇ। ਅਖੀਰ ਵਿਚ ਡਾ. ਪ੍ਰੀਤਇੰਦਰ ਨੇ ਹਾਜਰ ਹੋਏ ਸਾਰੇ ਸਾਬਕਾ ਵਿਦਿਆਰਥੀਆਂ ਅਤੇ ਮੌਜੂਦਾ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਾਬਕਾ ਵਿਦਿਆਰਥੀਆਂ ਨੂੰ ਟਰਾਲੀ ਵਿਚ ਬਿਠਾ ਕੇ ਯੂਨੀਵਰਸਿਟੀ ਦਾ ਚੱਕਰ ਲਵਾਇਆ ਗਿਆ। ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਇਹ ਸਾਬਕਾ ਵਿਦਿਆਰਥੀਆਂ ਦੀ ਮੀਟ ਸੰਪੂਰਨ ਹੋਈ। ਇਸ ਮੌਕੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ, ਬੇਸਿਕ ਸਾਇੰਸਿਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀ ਅਤੇ ਹੋਰ ਅਧਿਆਪਕ ਮੌਜੂਦ ਸਨ।