ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 3 ਜਨਵਰੀ
ਨੇੜਲੇ ਪਿੰਡ ਬੌੜ੍ਹਾਈ ਕਲਾਂ ਦੇ ਮਜ਼ਦੂਰ ਪਰਿਵਾਰ ਦੇ ਬਾਰਾਂ ਵਰ੍ਹਿਆਂ ਦੇ ਬੱਚੇ ਨੂੰ ਦੋ ਦਿਨ ਪਹਿਲਾਂ ਕੁੱਤਿਆਂ ਨੇ ਨੋਚ ਲਿਆ ਸੀ। ਸਰਕਾਰੀ ਹਸਪਤਾਲਵਿੱਚ ਇਲਾਜ ਨਾ ਹੋੋਣ ਦਾ ਦੋਸ਼ ਲਾਉਂਦਿਆਂ ਮਾਪਿਆਂ ਨੇ ਲੋਕਾਂ ਕੋਲੋਂ ਉਧਾਰ ਪੈਸੇ ਲੈ ਕੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣਾ ਸ਼ੁਰੂ ਕੀਤਾ। ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਜਾਨ ਬਚਾਉਣ ਲਈ ਮਾਲੀ ਮਦਦ ਕੀਤੀ ਜਾਵੇ। ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜ ਕੇ ਪਰਿਵਾਰ ਪਾਲਦੀ ਪਰਮਜੀਤ ਕੌਰ ਨੇ ਰੋਂਦਿਆਂ ਦੱਸਿਆ ਕਿ ਐਤਵਾਰ ਨੂੰ ਜਦੋਂ ਉਹ ਪਿੰਡ ਦੇ ਕਿਸੇ ਪਰਿਵਾਰ ਵਿੱਚ ਮਜ਼ਦੂਰੀ ਕਰਨ ਗਈ ਹੋਈ ਸੀ ਤਾਂ ਪਤੰਗ ਲੁੱਟਦਿਆਂ ਉਸ ਦਾ 12 ਵਰ੍ਹਿਆਂ ਦਾ ਪੁੱਤਰ ਜਗਦੀਪ ਸਿੰਘ ਕੁੱਤਿਆਂ ਦਾ ਸ਼ਿਕਾਰ ਹੋ ਗਿਆ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਵਿੱਚ ਇਸ ਤਰ੍ਹਾਂ ਦਾ ਕੋਈ ਮਰੀਜ਼ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ ’ਤੇ ਲੋੜੀਂਦੀਆਂ ਦਵਾਈਆਂ ਸਰਕਾਰੀ ਤੌਰ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਜੇ ਜ਼ਰੂਰਤ ਪਈ ਤਾਂ ਬੱਚੇ ਨੂੰ ਕਿਸੇ ਸਰਕਾਰੀ ਉੱਚ ਹਸਪਤਾਲ ਭੇਜਣ ਦਾ ਇੰਤਜ਼ਾਮ ਕੀਤਾ ਜਾਵੇਗਾ।