ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 28 ਸਤੰਬਰ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਮਨਦੀਪ ਸਿੰਘ ਨੇ ਲੁਧਿਆਣਾ ਜ਼ਿਲ੍ਹੇ ਦੀ ਪੰਚਾਇਤ ਸਮਿਤੀ ਪੱਖੋਵਾਲ ਦੇ ਪੰਚਾਇਤ ਸਕੱਤਰ ਸੁਖਪਾਲ ਸਿੰਘ ਖ਼ਿਲਾਫ਼ ਜਾਰੀ ਕੀਤੇ ਦੋਵੇਂ ਦੋਸ਼ ਪੱਤਰਾਂ ਨੂੰ ਵਾਪਸ ਲੈਣ ਦੇ ਹੁਕਮ ਜਾਰੀ ਕਰਦਿਆਂ, ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਡਾਇਰੈਕਟਰ ਮਨਦੀਪ ਸਿੰਘ ਵੱਲੋਂ ਸੁਖਪਾਲ ਸਿੰਘ ਦੀ ਬਲਾਕ ਪੱਖੋਵਾਲ ਵਿਚ ਮੁੜ ਨਿਯੁਕਤੀ ਦੇ ਨਾਲ ਹੀ ਕਾਰਜ ਸਾਧਕ ਅਫ਼ਸਰ ਪੰਚਾਇਤ ਸਮਿਤੀ ਪੱਖੋਵਾਲ ਨੂੰ ਸੁਖਪਾਲ ਸਿੰਘ ਵਿਰੁੱਧ ਥਾਣਾ ਸੁਧਾਰ ਵਿਚ 28 ਅਗਸਤ 2020 ਵਿਚ ਦਰਜ ਕਰਵਾਏ ਗਏ ਪੁਲੀਸ ਕੇਸ ਵਿਚੋਂ ਉਸ ਦਾ ਨਾਮ ਵਾਪਸ ਲੈਣ ਲਈ ਕਾਨੂੰਨੀ ਚਾਰਾਜੋਈ ਪੂਰੀ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿਛਲੇ ਸਾਲ 15 ਸਤੰਬਰ ਪਿੰਡ ਪਮਾਲ ਦੀ ਪੰਚਾਇਤ ਦੇ ਫ਼ੰਡਾਂ ਵਿਚ ਹੇਰ ਫੇਰ ਦੇ ਮਾਮਲੇ ਵਿਚ ਦੋਸ਼ ਪੱਤਰ ਜਾਰੀ ਕੀਤਾ ਗਿਆ ਸੀ ਅਤੇ ਪੁਲੀਸ ਕੇਸ ਵੀ ਦਰਜ ਕਰਵਾ ਦਿੱਤਾ ਸੀ। ਉੱਧਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਪੱਖੋਵਾਲ ਵੱਲੋਂ ਲੁਧਿਆਣਾ ਦਿਹਾਤੀ ਪੁਲੀਸ ਦੇ ਜ਼ਿਲ੍ਹਾ ਮੁਖੀ ਨੂੰ ਇਕ ਪੱਤਰ ਜਾਰੀ ਕਰਦਿਆਂ ਪਿਛਲੇ ਸਾਲ ਥਾਣਾ ਸੁਧਾਰ ਵਿਚ ਦਰਜ ਮੁਕੱਦਮਾ ਨੰਬਰ 65 ਵਿਚੋਂ ਸੁਖਪਾਲ ਸਿੰਘ ਦਾ ਨਾਮ ਕੱਢਣ ਦੀ ਬੇਨਤੀ ਕੀਤੀ ਗਈ ਹੈ। ਇਸ ਬਾਰੇ ਸੰਪਰਕ ਕਰਨ ‘ਤੇ ਪੰਚਾਇਤ ਸਕੱਤਰ ਸੁਖਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਬਦਲਾ-ਲਊ ਭਾਵਨਾ ਨਾਲ ਨਿਸ਼ਾਨਾ ਬਣਾਇਆ ਗਿਆ ਸੀ, ਪਰ ਆਖ਼ਰ ਸੱਚ ਦੀ ਜਿੱਤ ਹੋਈ ਹੈ।