ਦਵਿੰਦਰ ਸਿੰਘ ਜੱਗੀ
ਪਾਇਲ, 10 ਜੂਨ
ਸੂਬੇ ਵਿੱਚ ਅੱਜ ਦੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ। ਕਈ ਪਿੰਡਾਂ ਵਿੱਚ ਕਿਸਾਨਾਂ ਨੇ ਅੱਜ ਪਹਿਲੇ ਦਿਨ ਲਵਾਈ ਸ਼ੁਰੂ ਕੀਤੀ, ਪਰ ਬਿਜਲੀ ਸਰਕਾਰ ਵੱਲੋਂ 8 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਪਹਿਲੇ ਦਿਨ ਹੀ ਠੁੱਸ ਹੋ ਗਿਆ। ਪਿੰਡ ਅਲੂਣਾ ਤੋਲਾ ਦੇ ਕਿਸਾਨਾਂ ਨੇ ਅੱਜ ਝੋਨੇ ਦੀ ਲਵਾਈ ਮੌਕੇ ਬਿਜਲੀ ਨਾ ਹੋਣ ਬਾਰੇ ਦੱਸਿਆ ਕਿ ਝੋਨੇ ਦੀ ਫਸਲ ਦੇ ਸ਼ੁਰੂਆਤੀ ਦੌਰ ਵਿੱਚ ਹੀ ਬਿਜਲੀ ਦੇ ਕੱਟ ਲੱੱਗਣ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਪਹਿਲੇ ਹੀ ਦਿਨ ਦੁਪਿਹਰ 12 ਵਜੇ ਤੋਂ ਸ਼ਾਮ 8 ਵਜੇ ਤੱਕ ਦਾ ਬਿਜਲੀ ਸਪਲਾਈ ਦਾ ਸਮਾਂ ਸੀ, ਪਰ ਬਿਜਲੀ ਬੋਰਡ ਨੇ 12 ਤੋਂ 2.30 ਵਜੇ ਤੱਕ ਦਾ ਕੱਟ ਲਗਾ ਦਿੱਤਾ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਬਿਜਲੀ ਸਪਲਾਈ ਦਾ ਲੱਗਿਆ ਕੱਟ ਵਾਲਾ ਸਮਾਂ ਅੱਗੇ ਮਿਲੇਗਾ ਤਾਂ ਉਨ੍ਹਾਂ ਸਾਫ ਜਵਾਬ ਦੇ ਦਿੱਤਾ। ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪਵੇਗਾ। ਦੂਜੇ ਪਾਸੇ ਕੇਂਦਰ ਸਰਕਾਰ ਨੇ ਝੋਨੇ ਦੀ ਫਸਲ ਦੇ ਭਾਅ ਵਿੱਚ ਨਾਮਾਤਰ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਕਿਸਾਨ ਹਰਵਿੰਦਰ ਸਿੰਘ ਚੀਮਾ, ਮਨਪ੍ਰੀਤ ਸਿੰਘ ਗੋਲਡੀ, ਗਗਨਦੀਪ ਸਿੰਘ ਬੱਬੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ।
ਸਮਰਾਲਾ (ਡੀ.ਪੀ.ਐੱਸ. ਬਤਰਾ): ਪਿੰਡ ਘਰਖਣਾ ਦੇ ਕਿਸਾਨਾਂ ਨੇ ਕਈ ਦਿਨਾਂ ਤੋਂ ਉਨ੍ਹਾਂ ਦੇ ਖੇਤਾਂ ਦੀਆਂ ਮੋਟਰਾਂ ਨੂੰ ਆਉਣ ਵਾਲੀ ਬਿਜਲੀ ਸਪਲਾਈ ਠੱਪ ਹੋਣ ਦੇ ਰੋਸ ਵਜੋਂ ਅੱਜ ਸਥਾਨਕ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਸੜਕ ਜਾਮ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਾਬਕਾ ਚੇਅਰਮੈਨ ਕੁਲਦੀਪ ਸਿੰਘ ਘਰਖਣਾ ਦੀ ਅਗਵਾਈ ਹੇਠ ਇੱਕਠੇ ਹੋਏ ਕਿਸਾਨਾਂ ਨੇ ਅੱਜ ਪਹਿਲਾਂ ਬਿਜਲੀ ਵਿਭਾਗ ਤੇ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਕੇ ਸਮੱਸਿਆ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਕਿਤੇ ਵੀ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਲੁਧਿਆਣਾ-ਚੰਡੀਗੜ ਸ਼ਾਹ ਰਾਹ ’ਤੇ ਟਰੈਕਟਰ-ਟਰਾਲੀਆਂ ਖੜ੍ਹੀਆਂ ਕਰ ਕੇ ਸੜਕ ਜਾਮ ਕਰ ਦਿੱਤੀ ਤੇ ਕਈ ਘੰਟਿਆਂ ਤੱਕ ਰੋਸ ਪ੍ਰਦਸਨ ਕੀਤਾ। ਇਸ ਮੌਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਪ੍ਰਧਾਨ ਕਰਨਬੀਰ ਸਿੰਘ ਢਿੱਲੋਂ ਵੀ ਪਹੁੰਚੇ। ਉਨ੍ਹਾਂ ਭਰੋਸਾ ਦਿਵਾਇਆ ਕਿ ਬਿਜਲੀ ਸਪਲਾਈ ਨੂੰ ਬਹਾਲ ਕਰਵਾਉਣ ਲਈ ਅੱਜ ਹੀ ਨਵੀਂ ਲਾਈਨ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਸਰਕਾਰ ਦੇ ਬਿਜਲੀ ਦੇਣ ਦੇ ਦਾਅਵੇ ਖੋਖਲੇ: ਬੀਕੇਯੂ
ਪਾਇਲ (ਪੱਤਰ ਪ੍ਰੇਰਕ): 10 ਜੂਨ ਤੋਂ ਝੋਨੇ ਦੀ ਲਵਾਈ ਲਈ ਬਿਜਲੀ ਸਪਲਾਈ ਰੋਜ਼ਾਨਾ ਅੱਠ ਘੰਟੇ ਦੇਣ ਦੇ ਦਾਅਵੇ ਨੂੰ ਵੱਡੇ ਵੱਡੇ ਕੱਟ ਲਾ ਕੇ ਸ਼ੁਰੂ ਕੀਤਾ ਗਿਆ। ਸਰਕਾਰ ਤੇ ਪਾਵਰਕੌਮ ਵੱਲੋਂ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੀ ਪਹਿਲੇ ਦਿਨ ਸ਼ੁਰੂਆਤ ਘਾਟਾਂ ਤੋਂ ਪਤਾ ਲੱਗਦਾ ਹੈ ਕਿ ਕਿਸਾਨਾਂ ਨੂੰ ਝੋਨੇ ਦੀ ਲਵਾਈ ਸਮੇਂ ਖੱਜਲ ਖੁਆਰੀ ਝੱਲਣੀ ਪਵੇਗੀ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਤਬਾਹ ਕਰਨ ਲਈ ਪਹਿਲਾਂ ਹੀ ਕਾਲੇ ਕਾਨੂੰਨ ਬਣਾਏ ਗਏ ਹਨ ਤੇ ਬਿਜਲੀ ਬਿੱਲ 2020 ਲਿਆ ਕੇ ਕਿਸਾਨੀ ਸੰਕਟ ਹੋਰ ਗਹਿਰਾ ਕਰਨ ਜਾ ਰਹੀ ਹੈ ਅਤੇ ਸਭ ਕੁਝ ਨਿੱਜੀ ਕੰਪਨੀਆਂ ਦੇ ਹੱਥਾਂ ਚ ਦੇ ਕੇ ਕਾਰਪੋਰੇਟਾਂ ਨੂੰ ਲੁੱਟ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ, ਡੀਜ਼ਲ ਪੈਟਰੋਲ ਨੂੰ ਵੀ ਹੋਰ ਮਹਿੰਗਾ ਕਰ ਕੇ ਕਿਸਾਨਾਂ ਨੂੰ ਖੇਤੀ ਧੰਦੇ ਚੋਂ ਬਾਹਰ ਕੱਢਣ ਦੇ ਮਨਸੂਬੇ ਤਿਆਰ ਹੋ ਰਹੇ ਹਨ, ਫ਼ਸਲਾਂ ਦੇ ਲਾਹੇਵੰਦ ਭਾਅ ਨਹੀਂ ਮਿਲ ਰਹੇ, ਮਹਿੰਗਾਈ ਨਿੱਤ ਦਿਨ ਵਧ ਰਹੀ ਹੈ ਅਤੇ ਕਰਜ਼ੇ ਦੇ ਮਾਰੇ ਕਿਸਾਨਾਂ ਨੂੰ ਹੋਰ ਨਪੀੜਿਆ ਜਾ ਰਿਹਾ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਝੋਨੇ ਦੇ ਸੀਜ਼ਨ ’ਚ ਨਿਰਵਿਘਨ ਸਪਲਾਈ ਦਿੱਤੀ ਜਾਵੇ ਅਤੇ ਕੱਟ ਲਾਉਣੇ ਬੰਦ ਕੀਤੇ ਜਾਣ।