ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਮਾਰਚ
‘ਆਪ’ ਦੀ ਹਨ੍ਹੇਰੀ ਨੇ ਜਿੱਥੇ ਪੰਜਾਬ ਦੇ ਵੱਡੇ-ਵੱਡੇ ਯੋਧੇ ਸੁੱਟ ਦਿੱਤੇ, ਉੱਥੇ ਹੀ ਸਨਅਤੀ ਸ਼ਹਿਰ ’ਚ ਵੀ ਆਪਣਾ ਕਬਜ਼ਾ ਕਰ ਲਿਆ ਹੈ। ਹਾਲਾਂਕਿ ਸਿਰਫ਼ ਦਾਖਾ ਹਲਕਾ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਆਪਣੀ ਸੀਟ ਬਚਾਉਣ ’ਚ ਕਾਮਯਾਬ ਰਹੇ। ਲੁਧਿਆਣਾ ਦੇ 175 ਉਮੀਦਵਾਰਾਂ ਵਿੱਚੋਂ 139 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਇਨ੍ਹਾਂ ’ਚੋਂ ਸਭ ਤੋਂ ਵੱਡਾ ਚਿਹਰਾ ਹਨ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮੁੱਖ ਮੰਤਰੀ ਉਮੀਦਵਾਰ ਬਲਵੀਰ ਸਿੰਘ ਰਾਜੇਵਾਲ ਨੂੰ ਸਿਰਫ਼ 4600 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਦੇ ਨਾਲ-ਨਾਲ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਵੀ ਜ਼ਮਾਨਤ ਜ਼ਬਤ ਹੋ ਗਈ। ਜ਼ਿਲ੍ਹੇ ਵਿੱਚ 14 ਵਿਧਾਨ ਸਭਾ ਸੀਟਾਂ ’ਤੇ 175 ਉਮੀਦਵਾਰ ਖੜ੍ਹੇ ਹੋਏ ਸਨ ਤੇ 139 ਉਮੀਦਵਾਰਾਂ ਦੀ ਜਾਮਨਤ ਜ਼ਬਤ ਹੋ ਗਈ। ਇਹੀ ਨਹੀਂ, ਜ਼ਿਲ੍ਹੇ ’ਚ 14 ’ਚੋਂ 4 ਵਿਧਾਇਕਾਂ ਦੀ ਵੀ ਜਮਾਨਤ ਜ਼ਬਤ ਹੋ ਗਈ। ਲੁਧਿਆਣਾ ’ਚ 175 ਉਮੀਦਵਾਰ ਚੋਣ ਮੈਦਾਨ ’ਚ ਸਨ। ਇਨ੍ਹਾਂ ’ਚੋਂ 139 ਦੀ ਜ਼ਮਾਨਤ ਜ਼ਬਤ ਹੋਈ ਹੈ। ਇਸਦਾ ਸਿੱਧਾ ਮਤਲਬ ਹੈ ਕਿ 139 ਉਮੀਦਵਾਰਾਂ ਨੂੰ ਲੋਕਾਂ ਨੇ ਸਿੱਧੇ ਤੌਰ ’ਤੇ ਨਕਾਰ ਦਿੱਤਾ ਹੈ, ਜੋ ਕੁੱਲ ਉਮੀਦਵਾਰਾਂ ਦਾ 80 ਫੀਸਦੀ ਬਣਦਾ ਹੈ। ਇਨ੍ਹਾਂ ਵੱਡੇ ਪੱਧਰ ’ਤੇ ਆਗੂਆਂ ਦੀ ਜ਼ਮਾਨਤ ਜ਼ਬਤ ਹੋਣਾ, ਸਾਬਤ ਕਰਦਾ ਹੈ ਕਿ ਇਸ ਵਾਰ ਲੋਕਾਂ ਨੇ ਚੁੱਪ ਚਪੀਤੇ ਹੀ ਵੋਟਾਂ ਪਾਈਆਂ। ਕਈ ਆਗੂਆਂ ਤਾਂ ਅਜਿਹੇ ਹਨ ਜਿੰਨ੍ਹਾਂ ਦਾ ਸਿਆਸੀ ਭਵਿੱਖ ਹੀ ਇਸ ਗੱਲ ਤੋਂ ਖਤਮ ਹੋ ਜਾਂਦਾ ਹੈ ਕਿ ਉਹ ਆਪਣੀ ਜ਼ਮਾਨਤ ਬਚਾ ਪਾਉਂਦੇ ਸਨ।
ਵਿਧਾਨ ਸਭਾ ਚੋਣਾਂ ਲੜਨ ਸਮੇਂ ਜ਼ਿਲ੍ਹਾ ਚੋਣ ਅਧਿਕਾਰੀ ਦੇ ਕੋਲ 10 ਹਜ਼ਾਰ ਰੁਪਏ ਜਮ੍ਹਾਂ ਕਰਵਾਉਣੇ ਹੁੰਦੇ ਹਨ। ਜੇਕਰ ਕੁੱਲ ਵੋਟਾਂ ਦਾ ਛੇਵਾਂ ਹਿੱਸਾ (16.67 ਫੀਸਦੀ) ਕਿਸੇ ਉਮੀਦਵਾਰ ਨੂੰ ਨਹੀਂ ਮਿਲਦਾ ਹੈ ਤਾਂ ਇਸਨੂੰ ਉਸਦੀ ਜਮਾਨਤ ਜ਼ਬਤ ਹੋਈ ਮੰਨਿਆ ਜਾਂਦਾ ਹੈ ਤੇ ਇਹ ਪੈਸੇ ਵਾਪਸ ਨਹੀਂ ਦਿੱਤੇ ਜਾਂਦੇ ਹਨ। ਬਾਕੀਆਂ ਨੂੰ ਇਹ ਰੁਪਏ ਵਾਪਸ ਕਰ ਦਿੱਤੇ ਜਾਂਦੇ ਹਨ। ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਦਿਲ ਖੋਲ੍ਹ ਕੇ ਵੋਟਾਂ ਦਿੱਤੀਆਂ ਹਨ। ਲਗਪੱਗ ਸਾਰੀਆਂ ਸੀਟਾਂ ’ਤੇ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਇਹੀ ਕਾਰਨ ਹੈ ਕਿ ਪਹਿਲੇ ਤਿੰਨ ਨੰਬਰਾਂ ’ਤੇ ਆਉਣ ਵਾਲੇ ਉਮੀਦਵਾਰ ਹੀ ਆਪਣੀ ਜ਼ਮਾਨਤ ਬਚਾ ਪਾਏ ਤੇ ਬਾਕੀ ਸਾਰਿਆਂ ਦੀ ਜ਼ਮਾਨਤ ਜ਼ਬਤ ਹੋ ਗਈ। ਚਾਰ ਮੌਜੂਦਾਂ ਵਿਧਾਇਕਾਂ ਖੰਨਾ ਤੋਂ ਗੁਰਕੀਰਤ ਸਿੰਘ ਕੋਟਲੀ, ਲੁਧਿਆਣਾ ਦੱਖਣੀ ਤੋਂ ਬਲਵਿੰਦਰ ਸਿੰਘ ਬੈਂਸ, ਲੁਧਿਆਣਾ ਆਤਮ ਨਗਰ ਤੋਂ ਸਿਮਰਜੀਤ ਸਿੰਘ ਬੈਂਸ, ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ ਦੀ ਜ਼ਮਾਨਤ ਜ਼ਬਤ ਹੋ ਗਈ।
ਮਾਛੀਵਾੜਾ ਸ਼ਹਿਰ ’ਚ ਕਾਂਗਰਸ ਨੂੰ ਖੋਰਾ ਲਗਾ ਕੇ ‘ਆਪ’ ਮੋਹਰੀ
ਮਾਛੀਵਾੜਾ(ਪੱਤਰ ਪ੍ਰੇਰਕ): ਹਲਕਾ ਸਮਰਾਲਾ ਦੇ ਵਿਧਾਨ ਸਭਾ ਚੋਣ ਨਤੀਜਿਆਂ ਵਿੱਚ ਇਸ ਵਾਰ ਮਾਛੀਵਾੜਾ ਬਲਾਕ ਦਾ ਸਿਆਸੀ ਸਮੀਕਰਨ ਹੀ ਬਦਲ ਕੇ ਰੱਖ ਦਿੱਤਾ ਅਤੇ ਜਿੱਥੇ ਕਦੇ ਕਾਂਗਰਸ ਅਤੇ ਅਕਾਲੀ ਦਲ ਦਾ ਬੋਲਬਾਲਾ ਹੁੰਦਾ ਸੀ, ਉੱਥੇ ਹੁਣ ਵੋਟਰਾਂ ਨੇ ਇਨ੍ਹਾਂ ਦੋਵਾਂ ਰਵਾਇਤੀ ਪਾਰਟੀਆਂ ’ਤੇ ਰੱਜ ਕੇ ਝਾੜੂ ਫੇਰਿਆ ਜਿਸ ਕਾਰਨ ‘ਆਪ’ ਦੇ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਨੂੰ ਭਾਰੀ ਬਹੁਮਤ ਮਿਲੀ। ਮਾਛੀਵਾੜਾ ਸ਼ਹਿਰ ਜਿੱਥੇ ਕਿ ਹਮੇਸ਼ਾ ਕਾਂਗਰਸ ਪਾਰਟੀ ਦੀ ਚੜ੍ਹਤ ਰਹਿੰਦੀ ਹੈ ਪਰ ਇਸ ਵਾਰ ਪਾਰਟੀ ਨੂੰ ਖ਼ੋਰਾ ਲਗਾਉਂਦੇ ਹੋਏ ਲੋਕਾਂ ਨੇ ‘ਆਪ’ ਨੂੰ ਮੋਹਰੀ ਬਣਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਸ਼ਹਿਰ ’ਚ ਕੁੱਲ 19 ਬੂਥ ਹਨ ਜਿਸ ਵਿਚ ‘ਆਪ’ ਨੂੰ 5350, ਕਾਂਗਰਸ ਨੂੰ 2908, ਸ਼੍ਰੋਮਣੀ ਅਕਾਲੀ ਦਲ ਨੂੰ 2148, ਭਾਜਪਾ ਨੂੰ 651, ਆਜ਼ਾਦ ਉਮੀਦਵਾਰ ਢਿੱਲੋਂ ਨੂੰ 456 ਜਦਕਿ ਸੰਯੁਕਤ ਸਮਾਜ ਮੋਰਚੇ ਨੂੰ 297 ਵੋਟਾਂ ਪ੍ਰਾਪਤ ਹੋਈਆਂ। ਮਾਛੀਵਾੜਾ ਸ਼ਹਿਰ ’ਚ ‘ਆਪ’ 2442 ਵੋਟਾਂ ਨਾਲ ਜੇਤੂ ਰਹੀ ਜਦਕਿ ਇੱਥੇ ਹਮੇਸ਼ਾ ਕਾਂਗਰਸ ਕਰੀਬ 3000 ਵੋਟਾਂ ਨਾਲ ਜੇਤੂ ਰਹਿੰਦੀ ਹੈ।