ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਅਗਸਤ
ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਦੀ ਅਗਵਾਈ ’ਚ ਰਾਏਕੋਟ ਸ਼ਹਿਰ ਵਾਸੀਆਂ ਦਾ ਇਕ ਵਫ਼ਦ ਇੱਥੇ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਆਈਪੀਐੱਸ ਨੂੰ ਮਿਲਿਆ। ਵਫ਼ਦ ਨੇ ਉਨ੍ਹਾਂ ਦੇ ਧਿਆਨ ਚਾਰ ਵਾਰ ਵਿਕ ਚੁੱਕੀ ਇਕ ਦੁਕਾਨ ਦਾ ਮਾਮਲਾ ਲਿਆ ਕੇ ਦਰਜ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਸਬੰਧੀ ਵਫ਼ਦ ਨੇ ਕੁਝ ਤੱਥ ਸਾਹਮਣੇ ਰੱਖੇ ਜਿਸ ’ਤੇ ਐੱਸਐੱਸਪੀ ਨੇ ਤੱਥ ਮੁੜ ਘੋਖਣ ਸਬੰਧੀ ਜਾਂਚ ਦੇ ਹੁਕਮ ਦਿੱਤੇ। ਵਫ਼ਦ ਨੇ ਦੱਸਿਆ ਕਿ ਲੁਧਿਆਣਾ-ਰਾਏਕੋਟ ਮਾਰਗ ’ਤੇ ਸਥਿਤ ਛੱਤੀ ਕੁ ਗਜ ਦੀ ਇਕ ਦੁਕਾਨ 1967 ਤੋਂ ਲੈ ਕੇ ਹੁਣ ਤੱਕ ਚਾਰ ਵਾਰ ਵਿਕ ਚੁੱਕੀ ਹੈ। ਹੁਣ ਜ਼ਿਲ੍ਹਾ ਗੁਰਦਾਸਪੁਰ ਵਾਸੀ ਧਰਮਿੰਦਰ ਸਿੰਘ ਦੇ ਬਿਆਨਾਂ ਉੱਪਰ ਮਨੋਹਰ ਲਾਲ, ਕੁਸਮ ਰਾਣੀ ਅਤੇ ਉਸ ਦੇ ਪੁੱਤਰ ਗੌਰਵ ਕੌੜਾ ਸਮੇਤ ਹੋਰਨਾਂ ਖ਼ਿਲਾਫ਼ ਕਥਿਤ ਝੂਠਾ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸੇਵਾਮੁਕਤ ਪੁਲੀਸ ਕਪਤਾਨ (ਜਾਂਚ) ਗੁਰਦੀਪ ਸਿੰਘ ਨੇ ਆਪਣੀ ਰਿਪੋਰਟ ’ਚ ਇਸ ਨੂੰ ਖਾਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਜਦਕਿ ਉਸ ਰਿਪੋਰਟ ਦੀ ਦੋ ਵਾਰ ਹੋਈ ਮੁੜ ਘੋਖ ’ਚ ਦਰਜ ਹੋਏ ਪੁਲੀਸ ਕੇਸ ਨੂੰ ਸਹੀ ਠਹਿਰਾ ਦਿੱਤਾ ਗਿਆ ਹੈ। ਦਲਜੀਤ ਕੁਮਾਰ ਗੋਰਾ ਨੇ ਦੱਸਿਆ ਕਿ ਗੁਰਬਖ਼ਸ਼ ਸਿੰਘ ਆਪਣੀ ਜਾਇਦਾਦ 1967 ’ਚ ਵੇਚ ਚੁੱਕੇ ਹਨ। ਮਰਹੂਮ ਬਲਵੰਤ ਸਿੰਘ ਨੇ ਇਹ ਦੁਕਾਨ 1968 ’ਚ ਖ਼ਰੀਦੀ ਸੀ ਅਤੇ ਕਰੀਬ 20 ਸਾਲ ਪਹਿਲਾਂ ਤੱਕ ਇਸ ਦੁਕਾਨ ’ਚ ਉਹ ਖੁਦ ਗੈਸ ਬਿਲਡਿੰਗ ਦੀ ਦੁਕਾਨ ਕਰਦੇ ਰਹੇ ਹਨ। 1986 ’ਚ ਬਲਵੰਤ ਸਿੰਘ ਨੇ ਆਪਣੇ ਪੁੱਤਰ ਰਣਜੀਤ ਸਿੰਘ ਨੂੰ ਰਜਿਸਟਰੀ ਕਰਵਾ ਦਿੱਤੀ ਸੀ। ਕੈਨੇਡਾ ਵਾਸੀ ਰਣਜੀਤ ਸਿੰਘ ਨੇ ਆਪਣੇ ਅਟਾਰਨੀ ਰਾਹੀਂ ਅਕਤੂਬਰ 2021 ’ਚ ਇਹ ਦੁਕਾਨ ਮਨੋਹਰ ਲਾਲ ਨੂੰ ਵੇਚ ਦਿੱਤੀ ਅਤੇ ਮਨੋਹਰ ਲਾਲ ਨੇ ਗੁਆਂਢੀ ਦੁਕਾਨਦਾਰ ਗੌਰਵ ਕੌੜਾ ਦੀ ਮਾਤਾ ਕੁਸਮ ਦੇਵੀ ਨੂੰ ਵੇਚ ਦਿੱਤੀ ਸੀ। ਪਰ ਸਾਰੇ ਤੱਥਾਂ ਨੂੰ ਅਣਦੇਖੀ ਕਰ ਕੇ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਸੀ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਤੱਥਾਂ ਨੂੰ ਧਿਆਨ ’ਚ ਰੱਖਦਿਆਂ ਵਫ਼ਦ ਨੂੰ ਇਹ ਸਾਰੀਆਂ ਰਿਪੋਰਟਾਂ ਰੱਦ ਕਰਨ ਦਾ ਭਰੋਸਾ ਦਿੱਤਾ ਅਤੇ ਸਾਹਮਣੇ ਆਏ ਸਾਰੇ ਤੱਥਾਂ ਦੀ ਮੁੜ ਘੋਖ ਕਰਨ ਲਈ ਪੁਲੀਸ ਕਪਤਾਨ (ਸਥਾਨਕ) ਗੁਰਬਾਜ ਸਿੰਘ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ।