ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਸਤੰਬਰ
ਨਾਜਾਇਜ਼ ਕਲੋਨੀਆਂ ’ਤੇ ਕਾਰਵਾਈ ਕਰਨ ਲਈ ਵੀਰਵਾਰ ਨੂੰ ਗਲਾਡਾ ਦੀ ਟੀਮ ਵੱਡੀ ਗਿਣਤੀ ’ਚ ਪੁਲੀਸ ਟੀਮ ਨੂੰ ਨਾਲ ਲੈ ਕੇ ਹੈਬੋਵਾਲ ਤੇ ਲਾਦੀਆਂ ਰੋਡ ਪੁੱਜੀ। ਟੀਮ ਨੇ ਕਾਰਵਾਈ ਕਰਨੀ ਸ਼ੁਰੂ ਹੀ ਕੀਤੀ ਸੀ ਕਿ ਕਲੋਨਾਈਜ਼ਰ ਉਥੇ ਹੀ ਇਕੱਠੇ ਹੋ ਗਏ। ਕਲੋਨਾਈਜ਼ਰਾਂ ਨੇ ਗਲਾਡਾ ਅਫ਼ਸਰਾਂ ਦੀ ਇਸ ਕਾਰਵਾਈ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਲੋਨਾਈਜ਼ਰਾਂ ਤੇ ਗਲਾਡਾ ਅਧਿਕਾਰੀਆਂ ’ਚ ਬਹਿਸ ਵੀ ਹੋਈ ਤੇ ਇੱਕ ਦੂਸਰੇ ’ਤੇ ਕਈ ਤਰ੍ਹਾਂ ਦੇ ਦੋਸ਼ ਵੀ ਦੋਹਾਂ ਪੱਖਾਂ ਨੇ ਲਾਏ। ਜਦੋਂ ਗਲਾਡਾ ਅਧਿਕਾਰੀ ਕਾਰਵਾਈ ਕਰਨ ’ਤੇ ਅੜ੍ਹੇ ਰਹੇ ਤਾਂ ਕਲੋਨਾਈਜ਼ਰ ਬੁਲਡੋਜ਼ਰ ਦੇ ਸਾਹਮਣੇ ਦਰੀ ਵਿਛਾ ਕੇ ਧਰਨੇ ’ਤੇ ਬੈਠ ਗਏ ਤੇ ਗਲਾਡਾ ਖਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਗਲਾਡਾ ਨੇ ਲੰਮੇ ਸਮੇਂ ਬਾਅਦ ਵੀਰਵਾਰ ਨੂੰ ਨਾਜਾਇਜ਼ ਕਲੋਨੀਆਂ ’ਤੇ ਕਾਰਵਾਈ ਸ਼ੁਰੂ ਕੀਤੀ ਸੀ। ਵਿਰੋਧ ਕਰਨ ਵਾਲੇ ਕਲੋਨਾਈਜ਼ਰਾਂ ਦਾ ਕਹਿਣਾ ਹੈ ਕਿ ਗਲਾਡਾ ਦੇ ਅਧਿਕਾਰੀ ਉਨ੍ਹਾਂ ਨੂੰ ਬਿਨਾ ਗੱਲ ਦੇ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦੀਆਂ ਕਲੋਨੀਆਂ ਪੁਰਾਣੀਆਂ ਹਨ ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਕਾਰਨ ਪ੍ਰਾਪਰਟੀ ਕਾਰੋਬਾਰ ਠੱਪ ਪਿਆ ਹੈ। ਉਪਰੋਂ ਅਫ਼ਸਰ ਆਏ ਦਿਨ ਕਾਰਵਾਈ ਕਰਨ ਪੁੱਜ ਜਾਂਦੇ ਹਨ। ਕਲੋਨਾਈਜ਼ਰਾਂ ਨੇ ਅਫ਼ਸਰਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਕਲੋਨਾਈਜ਼ਰਾਂ ਦੀ ਅਗਵਾਈ ਕਰਨ ਵਾਲੇ ਮਨਦੀਪ ਸਿੰਘ, ਵਿਸ਼ਾਲ ਜੈਨ ਨੇ ਦੱਸਿਆ ਕਿ ਗਲਾਡਾ ਦੇ ਅਫ਼ਸਰ ਆਏ ਦਿਨ ਕਲੋਨੀ ’ਚ ਆ ਕੇ ਲੋਕਾਂ ਨੂੰ ਡਰਾ ਰਹੇ ਹਨ। ਇਸ ਲਈ ਉਨ੍ਹਾਂ ਨੂੰ ਮਜਬੂਰ ਹੋ ਕੇ ਕਾਰਵਾਈ ਦਾ ਵਿਰੋਧ ਕਰਨਾ ਪਿਆ।
ਕਲੋਨੀਆਂ ਰੈਗੂਲਰ ਨਾ ਕਰਵਾਉਣ ’ਤੇ ਕੀਤੀ ਕਾਰਵਾਈ: ਗਲਾਡਾ ਅਧਿਕਾਰੀ
ਗਲਾਡਾ ਦੀ ਟੀਮ ’ਚ ਮੌਜੂਦ ਐੱਸਡੀਓ ਖੁਸ਼ਪ੍ਰੀਤ ਸਿੰਘ, ਆਦਿੱਤਿਆ ਰਤਨ ਤੇ ਹੋਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਲੋਨਾਈਜ਼ਰਾਂ ਨੇ ਆਪਣੀਆਂ ਕਲੋਨੀਆਂ ਰੈਗੂਲਰ ਨਹੀਂ ਕਰਵਾਈਆਂ ਹਨ। ਕਲੋਨਾਈਜ਼ਰਾਂ ਨੂੰ ਸਰਕਾਰ ਵੱਲੋਂ ਕਈ ਵਾਰ ਕਲੋਨੀਆਂ ਰੈਗੂਲਰ ਕਰਵਾਉਣ ਦੇ ਮੌਕੇ ਦਿੱਤੇ ਜਾ ਚੁੱਕੇ ਹਨ ਪਰ ਕਲੋਨਾਈਜ਼ਰ ਨਾਜਾਇਜ਼ ਕਲੋਨੀਆਂ ਨੂੰ ਰੈਗੂਲਰ ਨਹੀਂ ਕਰਵਾਉਣਾ ਚਾਹੁੰਦੇ। ਗਲਾਡਾ ਅਫ਼ਸਰਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਨਾਜਾਇਜ਼ ਕਲੋਨੀਆਂ ਨਹੀਂ ਕੱਟਣ ਦਿੱਤੀਆਂ ਜਾਣਗੀਆਂ ਤੇ ਪਹਿਲਾਂ ਜੋ ਨਾਜਾਇਜ਼ ਕਲੋਨੀਆਂ ਕੱਟੀਆਂ ਹਨ, ਉਨ੍ਹਾਂ ਨੂੰ ਵੀ ਆਪਣੀਆਂ ਕਲੋਨੀਆਂ ਰੈਗੂਲਰ ਕਰਵਾਉਣੀਆਂ ਪੈਣਗੀਆਂ ਨਹੀਂ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਜਾਰੀ ਰਹੇਗੀ।