ਜਸਬੀਰ ਸ਼ੇਤਰਾ
ਜਗਰਾਉਂ, 29 ਅਪਰੈਲ
ਜੁਗਾੜੂ ਰੇਹੜੀਆਂ ਤੋਂ ਬਾਅਦ ਪੰਜਾਬ ਦੀਆਂ ਸੜਕਾਂ ਕੰਢੇ ਲੱਗਦੀਆਂ ਰੇਹੜੀਆਂ ਤੇ ਫੜ੍ਹੀਆਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦੇ ਨਵੇਂ ਫੁਰਮਾਨ ਤੋਂ ਇਕ ਹੋਰ ਵਰਗ ਭੜਕ ਗਿਆ ਹੈ। ਜਗਰਾਉਂ ’ਚ ਰੇਹੜੀ ਫੜ੍ਹੀ ਯੂਨੀਅਨ ਨੇ ਜਾਰੀ ਹੁਕਮਾਂ ਦਾ ਵਿਰੋਧ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਯੂਨੀਅਨ ਮੈਂਬਰ ਭਲਕੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਮਿਲ ਕੇ ਸਰਕਾਰ ਤੋਂ ਇਹ ਹੁਕਮ ਵਾਪਸ ਲੈਣ ਦੀ ਮੰਗ ਕਰਨਗੇ। ਮੰਗ ਨਾ ਮੰਨੇ ਜਾਣ ’ਤੇ ਉਨ੍ਹਾਂ ਸੰਘਰਸ਼ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੁਗਾੜੂ ਰੇਹੜੀਆਂ ਵਾਲੇ ਹੁਕਮਾਂ ਵਾਂਗ ਇਹ ਹੁਕਮ ਵੀ ਵਾਪਸ ਕਰਵਾਏ ਜਾਣਗੇ। ਪ੍ਰਧਾਨ ਬਲਵੀਰ ਸਿੰਘ ਬੀਰਾ, ਚੇਅਰਮੈਨ ਸਾਜਿਦ ਅਲੀ, ਹੈਪੀ ਜੁਨੇਜਾ, ਰਾਮ ਚੰਦਰ, ਕੁਲਦੀਪ ਰਾਮ, ਮਹਾਦੇਵ, ਬਲਵਿੰਦਰ ਸਿੰਘ, ਨਾਹਿਦ ਆਲਮ ਆਦਿ ਨੇ ਹੁਕਮਾਂ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬਿਨਾਂ ਕੋਈ ਬਦਲਵਾਂ ਪ੍ਰਬੰਧ ਕੀਤੇ ਸਰਕਾਰ ਕਿਵੇਂ ਲੱਖਾਂ ਲੋਕਾਂ ਦਾ ਰੁਜ਼ਗਾਰ ਖੋਹ ਸਕਦੀ ਹੈ। ਇਕੱਲੇ ਜਗਰਾਉਂ ਦੀ ਗੱਲ ਕਰੀਏ ਤਾਂ 2014 ਤੋਂ ਸਟਰੀਟ ਵੈਂਡਰਸ ਕਮੇਟੀ ਬਣਾਈ ਸੀ। ਪ੍ਰਤੀ ਰੇਹੜੀ 500 ਰੁਪਏ ਲੈ ਕੇ ਲੱਖਾਂ ਰੁਪਏ ਜਮ੍ਹਾਂ ਕਰਵਾਏ ਅਤੇ ਸ਼ਹਿਰ ਦੇ ਚਾਰ ਹਿੱਸਿਆਂ ’ਚ ਜਨਤਕ ਥਾਵਾਂ ਦੀ ਨਿਸ਼ਾਨਦੇਹੀ ਕੀਤੀ। ਪਰ ਇਹ ਥਾਂ ਅੱਜ ਤੱਕ ਅਲਾਟ ਨਹੀਂ ਹੋਈ ਜਿੱਥੇ ਰੇਹੜੀ ਫੜ੍ਹੀ ਵਾਲੇ ਆਪਣਾ ਰੁਜ਼ਗਾਰ ਚੱਲਦਾ ਰੱਖ ਸਕਣ। ਉਨ੍ਹਾਂ ਕਿਹਾ ਕਿ ਰੇਹੜੀ-ਫੜ੍ਹੀ ਵਾਲੇ ਬਹੁਗਿਣਤੀ ਲੋਕਾਂ ਨੇ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਪਰ ਹੁਣ ਇਹੋ ਸਰਕਾਰ ਗਰੀਬ ਤਬਕੇ ਦਾ ਰੁਜ਼ਗਾਰ ਖੋਹਣ ’ਤੇ ਉਤਾਰੂ ਹੋ ਗਈ ਜਾਪਦੀ ਹੈ। ਵੇਰਵਿਆਂ ਅਨੁਸਾਰ ਨਗਰ ਕੌਂਸਲ ਜਗਰਾਉਂ ਨੇ ਸਟਰੀਟ ਵੈਂਡਰਜ਼ ਲਈ 29 ਲੱਖ ਰੁਪਏ ਦਾ ਇਕ ਟੈਂਡਰ ਵੀ ਲਾਇਆ ਸੀ ਪਰ ਇਸ ਦਿਸ਼ਾ ’ਚ ਅੱਗੇ ਕੁਝ ਨਹੀਂ ਹੋਇਆ। ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਉਨ੍ਹਾਂ ਹਾਲੇ ਸਰਕਾਰ ਦੇ ਹੁਕਮ ਪੜ੍ਹੇ ਨਹੀਂ ਪਰ ਸਰਕਾਰ ਜੋ ਵੀ ਆਦੇਸ਼ ਦੇਵੇਗੀ ਨਗਰ ਕੌਂਸਲ ਉਨ੍ਹਾਂ ਨੂੰ ਅਮਲ ’ਚ ਲਿਆਵੇਗੀ। ‘ਆਪ’ ਨਾਲ ਸਬੰਧਤ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦਾ ਕਹਿਣਾ ਸੀ ਕਿ ਕਿਸੇ ਦਾ ਵੀ ਰੁਜ਼ਗਾਰ ਖੁੱਸਣ ਨਹੀਂ ਦਿੱਤਾ ਜਾਵੇਗਾ। ਸਰਕਾਰ ਜੇਕਰ ਰੇਹੜੀ ਫੜ੍ਹੀ ਵਾਲਿਆਂ ਨੂੰ ਬਾਜ਼ਾਰਾਂ ’ਚੋਂ ਸੜਕਾਂ ਕੰਢਿਓਂ ਹਟਾਉਣ ਦਾ ਕਦਮ ਚੁੱਕੇਗੀ ਤਾਂ ਨਾਲ ਬਦਲਵਾਂ ਪ੍ਰਬੰਧ ਕਰਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਥਾਂ ਵੀ ਮੁਹੱਈਆ ਕਰਵਾਏਗੀ।
ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪੱਤਰ ਜਾਰੀ
ਇਸ ਸਬੰਧੀ ਪੱਤਰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਦੇ ਦਸਤਖਤਾਂ ਹੇਠ ਜਾਰੀ ਕੀਤਾ ਗਿਆ ਹੈ। ਇਸ ’ਚ ਸਰਕਾਰ ਵੱਲੋਂ ਸੜਕਾਂ ਦੇ ਕੰਢੇ ਲੱਗਣ ਵਾਲੀਆਂ ਰੇਹੜੀਆਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ। ਹੁਕਮ ਜਾਰੀ ਕਰਦੇ ਹੋਏ ਰੇਹੜੀਆਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਲਈ ਕਿਹਾ ਗਿਆ ਹੈ। ਕਮਿਸ਼ਨਰਾਂ, ਕਾਰਜ ਸਾਧਕ ਅਫ਼ਸਰਾਂ ਦੇ ਨਾਂ ਜਾਰੀ ਕੀਤੇ ਗਏ ਪੱਤਰ ’ਚ ਸਾਫ਼ ਤੌਰ ’ਤੇ ਕਿਹਾ ਗਿਆ ਹੈ ਕਿ ਜਿਨ੍ਹਾਂ ਨੇ ਵੀ ਸੜਕਾਂ ’ਤੇ ਨਾਜਾਇਜ਼ ਕਬਜ਼ੇ ਕਰਕੇ ਰੇਹੜੀਆਂ-ਫੜ੍ਹੀਆਂ ਲਗਾਈਆਂ ਹਨ, ਉਨ੍ਹਾਂ ਨੂੰ ਹਟਵਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ।