ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਅਗਸਤ
ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ ਅੱਜ ਵੱਖ ਵੱਖ ਥਾਵਾਂ ਤੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਜਿਸ ਵਿੱਚ ਸ਼ਰਧਾਲੂਆਂ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ। ਕ੍ਰਿਸ਼ਨਾ ਮੰਦਰ ਮਾਡਲ ਟਾਊਨ ਐਕਸਟੈਨਸ਼ਨ, ਨਵ ਦੁਰਗਾ ਮਾਤਾ ਮੰਦਿਰ ਸਰਾਭਾ ਨਗਰ, ਦੁਰਗਾ ਮਾਤਾ ਮੰਦਿਰ ਜਗਰਾਉਂ ਪੁੱਲ, ਭਾਈ ਰਣਧੀਰ ਸਿੰਘ ਨਗਰ, ਹੈਬੋਵਾਲ, ਕਿਚਲੂ ਨਗਰ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਮੰਦਰਾਂ ਨੂੰ ਫੁੱਲਾਂ ਅਤੇ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ ਸੀ। ਇਸ ਦੌਰਾਨ ਵਿਧਾਨ ਸਭਾ ਹਲਕਾ ਦੱਖਣੀ ਵਿੱੱਚ ਜਨਮ ਅਸ਼ਟਮੀ ਨੂੰ ਸਮਰਪਿਤ ਲੰਗਰ ਯੂਥ ਆਗੂ ਬਲਜੀਤ ਸਿੰਘ ਮਾਲੜਾ, ਸ਼ਿਵ ਕੁਮਾਰ ਸ਼ਿਵਾ ਅਤੇ ਏਕ ਨੂਰ ਕਲੱਬ ਵੱਲੋਂ ਲਗਾਇਆ ਗਿਆ। ਇਸ ਦਾ ਉਦਘਾਟਨ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕੀਤਾ।
ਦੋਰਾਹਾ (ਪੱਤਰ ਪ੍ਰੇਰਕ): ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਸਬੰਧੀ ਸ੍ਰੀ ਸਨਾਤਨ ਧਰਮ ਮੰਦਰ ਤੇ ਸ਼ਿਵ ਮੰਦਰ ਵੱਲੋਂ ਸਮੂਹ ਸ਼ਹਿਰ ਨਿਵਾਸੀਆਂ ਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਮੌਕੇ ਸੁੰਦਰ ਪਾਲਕੀ ਸਜਾਈ ਗਈ ਤੇ ਰਾਧਾ ਕ੍ਰਿਸ਼ਨ ਦੇ ਜੀਵਨ ’ਤੇ ਅਧਾਰਿਤ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਹ ਯਾਤਰਾ ਪੁਰਾਣਾ ਬਜ਼ਾਰ ਤੋਂ ਆਰੰਭ ਹੋ ਕੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ ਵਾਪਸ ਮੰਦਰ ਆ ਕੇ ਸਮਾਪਤ ਹੋਈ। ਰਸਤੇ ਵਿਚ ਲੋਕਾਂ ਨੇ ਲੰਗਰ ਲਾਏ। ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਯਾਤਰਾ ’ਚ ਸ਼ਾਮਲ ਹੋ ਕੇ ਲੋਕਾਂ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਬੰਤ ਸਿੰਘ ਦੋਬੁਰਜੀ, ਰਾਜਵੀਰ ਸਿੰਘ, ਡਾ.ਜੇਐੱਲ ਆਨੰਦ, ਬੌਬੀ ਤਿਵਾੜੀ, ਜਸਪ੍ਰੀਤ ਸਿੰਘ, ਰਾਹੁਲ ਬੈਕਟਰ, ਨਵਜੀਤ ਸਿੰਘ, ਅਵਤਾਰ ਮਠਾੜੂ ਹਾਜ਼ਰ ਸਨ।
ਰਾਏਕੋਟ (ਪੱਤਰ ਪ੍ਰੇਰਕ): ਸ੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਪ੍ਰਭਾਤ ਫੇਰੀ ਮੰਡਲ ਵੱਲੋਂ ਅੱਜ ਜਨਮ ਅਸ਼ਟਮੀ ਮੌਕੇ ਸੋਭਾ ਯਾਤਰਾ ਕੱਢੀ ਗਈ। ਸੋਭਾ ਯਾਤਰਾ ਦੀ ਪੂਜਾ ਵਿਨੋਦ ਕੁਮਾਰ ਖੁਰਮੀ ਵੱਲੋਂ ਕੀਤੀ ਗਈ, ਜੋਤੀ ਪ੍ਰਚੰਡ ਦੀ ਰਸਮ ਦੀਪਕ ਸ਼ਰਮਾ ਤੇ ਝੰਡਾ ਲਹਿਰਾਉਣ ਦੀ ਰਸਮ ਸੋਹਣ ਲਾਲ, ਅਨਿਲ ਅੱਗਰਵਾਲ, ਵਿਨੋਦ ਅੱਗਰਵਾਲ ਵੱਲੋਂ ਨਿਭਾਈ ਗਈ। ਸੋਭਾ ਯਾਤਰਾ ਦਾ ਉਦਘਾਟਨ ਸਮਾਜ ਸੇਵੀ ਹੀਰਾ ਲਾਲ ਬਾਂਸਲ (ਮੁਸਕਾਨ ਫੀਡ ਵਾਲੇ), ਆਰਤੀ ਧਰਮਵੀਰ ਜੈਨ, ਸਨੀ ਜੈਨ ਵੱਲੋਂ ਕੀਤਾ ਗਿਆ।
ਸਾਂਝੀ ਰਸੋਈ ਨੇ ਜਨਮ ਅਸ਼ਟਮੀ ਮੌਕੇ ਲੰਗਰ ਲਾਇਆ
ਖੰਨਾ (ਨਿੱਜੀ ਪੱਤਰ ਪ੍ਰੇਰਕ): ਅੱਜ ਇਥੋਂ ਦੇ ਬੱਸ ਅੱਡੇ ਨੇੜੇ ਸਾਂਝੀ ਰਸੋਈ ਵਿੱਚ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਠੇਕੇਦਾਰ ਵੱਲੋਂ ਪੂਰੀ ਛੋਲੇ ਤੇ ਕੜਾਹ ਦਾ ਲੰਗਰ ਲਾਇਆ ਗਿਆ। ਇਸ ਮੌਕੇ ਖੁਸ਼ਪਾਲ ਚੰਦ ਨੇ ਕਿਹਾ ਕਿ ਸਾਂਝੀ ਰਸੋਈ ਪਿਛਲੇ ਲੰਬੇ ਸਮੇਂ ਤੋਂ ਗਰੀਬ ਮਜ਼ਦੂਰਾਂ ਨੂੰ ਲੰਗਰ ਛਕਾਉਦੀ ਆ ਰਹੀ ਹੈ ਅਤੇ ਇਸ ਥਾਂ ਤੇ ਲੋਕਾਂ ਨੂੰ ਸਾਫ਼ ਸੁਥਰਾ ਖਾਣਾ ਖੁਆਇਆ ਜਾਂਦਾ ਹੈ। ਇਸ ਮੌਕੇ ਯੁਗਰਾਜ ਸਿੰਘ ਅਤੇ ਹਰਮਨਦੀਪ ਸਿੰਘ ਹਾਜ਼ਰ ਸਨ।