ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 14 ਫਰਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਇਲਾਕੇ ’ਚ ਥਾਂ-ਥਾਂ ਅਰਥੀ ਫੂਕ ਮੁਜ਼ਾਹਰੇ ਹੋਏ। ਇਸ ਸਮੇਂ ਦਰਜਨਾਂ ਪਿੰਡਾਂ ’ਚ ਕੇਂਦਰ ਸਰਕਾਰ ਦੇ ਪੁਤਲੇ ਬਣਾ ਕੇ ਨਾਅਰੇਬਾਜ਼ੀ ਦੌਰਾਨ ਇਨ੍ਹਾਂ ਨੂੰ ਅੱਗ ਲਾਈ ਗਈ। ਇਨ੍ਹਾਂ ਅਰਥੀ ਫੂਕ ਮੁਜ਼ਾਹਰਿਆਂ ’ਚ ਔਰਤਾਂ ਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਕੁਝ ਪਿੰਡਾਂ ’ਚ ਅਰਥੀ ਚੁੱਕ ਕੇ ਪਹਿਲਾਂ ਮਾਰਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਸਾਨ ਸੰਘਰਸ਼ ਦੌਰਾਨ 750 ਕਿਸਾਨਾਂ ਦੀ ਸ਼ਹਾਦਤ ਲਈ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਭੂੰਦੜੀ ਚੌਕ, ਅਗਵਾੜ ਲੋਪੋਂ, ਭਮਾਲ, ਭਰੋਵਾਲ ਆਦਿ ਪਿੰਡਾਂ ’ਚ ਮੁਜ਼ਾਹਰੇ ਕਰਦਿਆਂ ਮੋਦੀ ਤੇ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਗਰਦਾਨਿਆ ਗਿਆ। ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਦੀ ਅਗਵਾਈ ’ਚ ਮਾਣੂੰਕੇ, ਅਖਾੜਾ, ਕਾਉਂਕੇ ਕਲਾਂ ਆਦਿ ਪਿੰਡਾਂ ’ਚ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ। ਇਸੇ ਤਰ੍ਹਾਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਰੈਲੀ ਕਰਨ ਉਪਰੰਤ ਅਰਥੀ ਫੂਕੀ। ਇਸ ’ਚ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਸਕੱਤਰ ਜਸਦੇਵ ਸਿੰਘ ਲਲਤੋਂ ਸਣੇ ਹੋਰ ਆਗੂ ਸ਼ਾਮਲ ਹੋਏ। ਇਨ੍ਹਾਂ ਮੁਜ਼ਾਹਰਿਆਂ ਸਮੇਂ ਲਖੀਮਪੁਰ ਖੀਰੀ ਕਾਂਡ ’ਚ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ’ਤੇ ਛੱਡਣ ਦਾ ਵਿਰੋਧ ਕਰਦਿਆਂ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਫੌਰੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਕਿਸਾਨ ਸੰਘਰਸ਼ ਸਮੇਂ ਹੋਏ ਸਮਝੌਤੇ ਤਹਿਤ ਐੱਮਐੱਸਪੀ ’ਤੇ ਖ਼ਰੀਦ ਦੀ ਕਾਨੂੰਨੀ ਗਾਰੰਟੀ ਲਾਗੂ ਕਰਨ ਸਮੇਤ ਹੋਰ ਵਾਅਦੇ ਬਿਨਾਂ ਦੇਰੀ ਪੂਰੇ ਕਰਨ ’ਤੇ ਜ਼ੋਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਪੰਜਾਬ ਆਏ ਮੋਦੀ ਨੂੰ ਯਾਦ ਕਰਵਾਇਆ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਸਣੇ ਕਿਸਾਨ ਭਲਾਈ ਲਈ ਜੋ ਵਾਅਦੇ ਭਾਜਪਾ ਨੇ ਸੱਤਾ ’ਚ ਆਉਣ ਸਮੇਂ ਕੀਤੇ ਸਨ, ਉਹ ਵੀ ਅਧੂਰੇ ਪਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਕ ਸਾਲ ਦਿੱਲੀ ਦੀਆਂ ਹੱਦਾਂ ’ਤੇ ਚੱਲਿਆ ਕਿਸਾਨ ਸੰਘਰਸ਼ ਤਿੰਨ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਸਿਰਫ਼ ਮੁਲਤਵੀ ਹੋਇਆ ਹੈ। ਜੇ ਸਰਕਾਰ ਨੇ ਬਾਕੀ ਰਹਿੰਦੀਆਂ ਮੰਗਾਂ ਪੂਰੀਆਂ ਕਰਨ ਵੱਲ ਜਲਦ ਕਦਮ ਨਾ ਚੁੱਕਿਆ ਤਾਂ ਸੰਘਰਸ਼ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਭੂੰਦੜੀ ਚੌਕ ’ਚ ਮੁਜ਼ਾਹਰਾ ਗੁਰਮੇਲ ਸਿੰਘ ਭਰੋਵਾਲ ਦੀ ਅਗਵਾਈ ’ਚ ਹੋਇਆ। ਚੌਕੀਮਾਨ ਟੌਲ ’ਤੇ ਧਰਨੇ ’ਚ ਮੀਤ ਪ੍ਰਧਾਨ ਕੈਪਟਨ ਕੁਲਰਾਜ ਸਿੰਘ ਸਿੱਧਵਾਂ, ਗੁਰਦਿਆਲ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ, ਆਤਮਾ ਸਿੰਘ ਚੌਕੀਮਾਨ, ਜਸਬੀਰ ਸਿੰਘ ਗੁੜੇ, ਡਾ. ਗੁਰਮੇਲ ਸਿੰਘ ਕੁਲਾਰ ਆਦਿ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਇਹ ਮੁਜ਼ਾਹਰਾ ਮੋਦੀ ਦੀ ਪੰਜਾਬ ਆਮਦ ਵਿਰੁੱਧ ਅਤੇ 9 ਅਹਿਮ ਕਿਸਾਨ ਮੰਗਾਂ ਉੱਪਰ ਕੇਂਦਰਤ ਕੀਤਾ ਗਿਆ।