ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 31 ਮਾਰਚ
ਭਾਵੇਂ ਕਿ ਸੂਬੇ ਦੇ ਬਾਕੀ ਹਿੱਸਿਆਂ ’ਚੋਂ ਹਾਲ ਵਿੱਚ ਹੀ ਚੁਣੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਸਰਕਾਰੀ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਜ਼ਿਆਦਾ ਸੁਖਾਵੀਆਂ ਨਹੀਂ ਦੱਸੀਆਂ ਰਹੀਆਂ ਪਰ ਅਹਿਮਦਗੜ੍ਹ ਸਬ ਡਿਵੀਜ਼ਨ ਇਸ ਮਾਮਲੇ ਵਿੱਚ ਸਭ ਤੋਂ ਵੱਧ ਖੁਸ਼ਨਸੀਬ ਰਹੀ ਹੈ। ਸਬ ਡਿਵੀਜ਼ਨ ਪੱਧਰ ’ਤੇ ਹਾਲ ਹੀ ਵਿੱਚ ਸਮੂਹ ਅਧਿਕਾਰੀਆਂ ਨਾਲ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਕੀਤੀ ਗਈ ਪਲੇਠੀ ਮੀਟਿੰਗ ਨਾ ਸਿਰਫ਼ ਖੁਸ਼ਗਵਾਰ ਮਾਹੌਲ ਵਿੱਚ ਹੋਈ ਬਲਕਿ ਇਸ ਮੁਲਾਕਾਤ ਨੇ ਇਕ ਨਿਵੇਕਲੀ ਮਿਸਾਲ ਵੀ ਪੈਦਾ ਕੀਤੀ। ਸਮੂਹ ਅਧਿਕਾਰੀਆਂ ਨੂੰ ਆਪਣੀ ਜ਼ਮੀਰ ਦੀ ਆਵਾਜ਼ ਅਨੁਸਾਰ ਇਨਸਾਫ਼ਪਸੰਦ ਢੰਗ ਨਾਲ ਕੰਮ ਕਰਨ ਦਾ ਸੰਕੇਤਕ ਸੁਨੇਹਾ ਦੇਣ ਤੋਂ ਬਾਅਦ ਵਿਧਾਇਕ ਨੇ ਸਾਰੇ ਅਧਿਕਾਰੀਆਂ ਨੂੰ ਕੋਈ ਮਿਆਰੀ ਚੁਟਕਲਾ ਸੁਣਾਉਣ ਜਾਂ ਫਿਰ ਆਪਣੇ ਕਿਸੇ ਪਸੰਦੀਦਾ ਅਧਿਆਪਕ ਦੇ ਵਿਲੱਖਣ ਗੁਣਾਂ ਦੀ ਗੱਲ ਸੁਣਾਉਣ ਲਈ ਕਿਹਾ। ਅਧਿਆਪਨ ਦੇ ਪਵਿੱਤਰ ਕਿੱਤੇ ਨੂੰ ਸਮਰਪਿਤ ਸੈਸ਼ਨ ਦੀ ਸ਼ੁਰੂਆਤ ਸ੍ਰੀ ਗੱਜਣਮਾਜਰਾ ਨੇ ਆਪਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕ ਪ੍ਰੋ. ਐੱਸ.ਕੇ. ਬਜਾਜ ਦੇ ਜ਼ਿਕਰ ਨਾਲ ਕੀਤੀ। ਉਪਰੰਤ ਐੱਸਡੀਐੱਮ ਹਰਬੰਸ ਸਿੰਘ, ਨੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਬਨੂੜ ਦੇ ਵੋਕੇਸ਼ਨਲ ਅਧਿਆਪਕ ਜਸਪਾਲ ਸਿੰਘ ਨੂੰ ਯਾਦ ਕੀਤਾ। ਡੀਐੱਸਪੀ ਹਰਵਿੰਦਰ ਸਿੰਘ ਚੀਮਾ ਨੇ ਮਾਡਲ ਹਾਈ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਪਣੀ ਪ੍ਰਿੰਸੀਪਲ ਹਰਵਿੰਦਰ ਕੌਰ ਦੀ ਸ਼ਲਾਘਾ ਕੀਤੀ। ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਨਾ ਨੇ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਪ੍ਰੋ. ਅਸ਼ੋਕ ਸੂਦ ਦਾ ਨਾਂ ਲਿਆ। ਥਾਣਾ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਆਪਣੇ ਜੀਵਨ ਵਿੱਚ ਸੀਐੱਫਸੀ ਪਬਲਿਕ ਸਕੂਲ ਲੁਧਿਆਣਾ ਦੀ ਪ੍ਰਿੰਸੀਪਲ ਮੈਰੀ ਕੋਰਥ ਦੇ ਯੋਗਦਾਨ ਦਾ ਜ਼ਿਕਰ ਕੀਤਾ।