ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਅਕਤੂਬਰ
ਬਰਾਊਨ ਰੋਡ ਸਥਿਤ ਭਾਜਪਾ ਆਗੂ ਦੇ ਹੋਟਲ ਪੁਖਰਾਜ ਵਿੱਚ ਚੱਲ ਰਹੀ ਡਾਂਸ ਪਾਰਟੀ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਿੱਚ ਕੁਝ ਕਾਰੋਬਾਰੀ ਲੜਕੀਆਂ ਦੇ ਨਾਲ ਨੱਚਦੇ ਅਤੇ ਨਾਲ-ਨਾਲ ਸ਼ਰਾਬ ਪੀਂਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਸ਼ਹਿਰ ਦੇ ਕਾਰੋਬਾਰੀਆਂ ਸਣੇ ਬਾਹਰੀ ਸੂਬਿਆਂ ਦੇ ਕਾਰੋਬਾਰੀ ਵੀ ਨਜ਼ਰ ਆ ਰਹੇ ਸਨ।
ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਹੋਟਲ ਪੁਖਰਾਜ ਵਿੱਚ ਚੱਲ ਰਹੀ ਪਾਰਟੀ ਦੌਰਾਨ ਜਦੋਂ ਛਾਪੇ ਮਾਰਿਆ ਗਿਆ ਸੀ ਤਾਂ ਅਗਲੇ ਦਿਨ ਸ਼ਹਿਰ ਵਿੱਚ ਇਹ ਹੋਟਲ ਕਾਫ਼ੀ ਚਰਚਾ ’ਚ ਰਿਹਾ। ਹਰ ਕੋਈ ਇਹ ਜਾਣਨ ਦੀ ਕੋਸ਼ਿਸ਼ ’ਚ ਸੀ ਕਿ ਕੇਸ ਦਰਜ ਹੋਇਆ ਜਾਂ ਨਹੀਂ। ਜੇਕਰ ਹੋਇਆ ਤਾਂ ਉਸ ’ਚ ਕਿਸ-ਕਿਸ ਦਾ ਨਾਮ ਹੈ। ਅਖਬਾਰਾਂ ’ਚ ਨਾਮ ਛਪਣ ਮਗਰੋਂ ਅਗਲੇ ਦਿਨ ਉਸ ਪਾਰਟੀ ਦੀ ਇੱਕ ਵੀਡੀਓ ਵਾਇਰਲ ਹੋ ਗਈ। ਹਰ ਕੋਈ ਇਹ ਵੀਡੀਓ ਨੂੰ ਫੋਨ ’ਤੇ ਮੰਗਵਾ ਕੇ ਅੱਗੇ ਭੇਜ ਰਿਹਾ ਸੀ ਤਾਂ ਕਿ ਹੋਟਲ ਪੁਖਰਾਜ ’ਚ ਚੱਲ ਰਹੀ ਇਤਰਾਜ਼ਯੋਗ ਡਾਂਸ ਪਾਰਟੀ ’ਚ ਕਿਹੜਾ-ਕਿਹੜਾ ਵਪਾਰੀ ਸ਼ਾਮਲ ਹੈ, ਦੇਖਿਆ ਜਾ ਸਕੇ। ਵੀਡੀਓ ’ਚ ਵਪਾਰੀ ਪੂਰੀ ਤਰ੍ਹਾਂ ਨਜ਼ਰ ਆ ਰਹੇ ਹਨ।
ਪਾਰਟੀ ਦੌਰਾਨ ਖੁੱਲ੍ਹੇਆਮ ਸ਼ਰਾਬ ਚੱਲ ਰਹੀ ਸੀ ਤੇ ਧੂੰਏ ਦੇ ਛੱਲੇ ਉਡਾਏ ਜਾ ਰਹੇ ਸਨ। ਇਸ ਮੌਕੇ ਸੰਗੀਤ ਦੇ ਨਾਲ ਡਾਂਸ ਚੱਲ ਰਿਹਾ ਸੀ ਤੇ ਵਪਾਰੀ ਲੜਕੀਆਂ ਦੇ ਨਾਲ ਨੱਚ ਰਹੇ ਸਨ ਕਿ ਇੱਕ ਦਮ ਪੁਲੀਸ ਉੱਥੇ ਛਾਪਾ ਮਾਰ ਦਿੰਦੀ ਹੈ। ਕਾਰੋਬਾਰੀਆਂ ਦੀ ਵਾਇਰਲ ਵੀਡੀਓ ਦੀ ਦਿਨ-ਭਰ ਲੋਕਾਂ ਵਿੱਚ ਭਾਰੀ ਮੰਗ ਰਹੀ। ਸਾਰਾ ਦਿਨ ਲੋਕ ਇੱਕ-ਦੂਜੇ ਤੋਂ ਮੰਗਵਾ ਕੇ ਵੀਡੀਓ ਦੇਖਦੇ ਰਹੇ। ਹਰ ਕੋਈ ਵਾਇਰਲ ਵੀਡੀਓ ਵਟਸਐਪ ਅਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਜਾਣ-ਪਛਾਣ ਵਾਲਿਆਂ ਨੂੰ ਭੇਜ ਰਿਹਾ ਸੀ।