ਪੱਤਰ ਪ੍ਰੇਰਕ
ਪਾਇਲ, 13 ਅਕਤੂਬਰ
ਪੰਜਾਬ ਨੰਬਰਦਾਰਾਂ ਐਸੋਸੀਏਸ਼ਨ ਗਾਲਬਿ ਵੱਲੋਂ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਬਿ ਅਤੇ ਜਨਰਲ ਸਕੱਤਰ ਆਲਮਜੀਤ ਸਿੰਘ ਚਕੋਹੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਮੰਗਾਂ ਮਨਵਾਉਣ ਲਈ 10 ਅਕਤੂਬਰ ਨੂੰ ਸੰਗਰੂਰ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਵਾਲੇ ਨੰਬਰਦਾਰਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੇ ਇੱਕ ਮੰਗ ਪੱਤਰ ਰਾਹੀਂ ਕਿਹਾ ਕਿ ਲੋਕਤੰਤਰ ਵਿੱਚ ਹਰ ਵਿਅਕਤੀ ਨੂੰ ਆਪਣੀ ਜਾਇਜ਼ ਮੰਗ ਲਈ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਪਰ ਸੂਬਾ ਸਰਕਾਰ ਨੰਬਰਦਾਰਾਂ ਦੇ ਸੰਘਰਸ਼ ਨੂੰ ਜ਼ਬਰੀ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨੰਬਰਦਾਰਾਂ ਖ਼ਿਲਾਫ਼ ਸੰਗਰੂਰ ਵਿੱਚ ਪੁਲੀਸ ਵੱਲੋਂ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਨਾ ਕੀਤੇ ਤਾਂ ਨੰਬਰਦਾਰਾਂ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕੀ ਜਾਵੇਗੀ ਅਤੇ ਸੂਬੇ ਦੇ 35 ਹਜ਼ਾਰ ਨੰਬਰਦਾਰ ਸੜਕਾਂ ’ਤੇ ਉੱਤਰ ਕੇ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣਗੇ। ਇਸ ਮੌਕੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਰੋਹਣੋਂ, ਪ੍ਰਧਾਨ ਸ਼ੇਰ ਸਿੰਘ ਫੈਜਗੜ, ਪ੍ਰਧਾਨ ਨਰਿੰਦਰ ਸਿੰਘ ਜਰਗੜੀ, ਪ੍ਰਧਾਨ ਗੁਰਦੀਪ ਸਿੰਘ ਚਾਪੜਾ, ਉਪ ਪ੍ਰਧਾਨ ਗੁਰਤੇਜ ਸਿੰਘ ਬਰਮਾਲੀਪੁਰ, ਰਾਜਪਾਲ ਸਿੰਘ ਇਕੋਲਾਹੀ, ਰਮਨਦੀਪ ਸਿੰਘ ਚਾਪੜਾਂ ਤੇ ਅਮਰਜੀਤ ਸਿੰਘ ਜੰਡਾਲੀ ਹਾਜ਼ਰ ਸਨ।