ਗਗਨਦੀਪ ਅਰੋੜਾ
ਲੁਧਿਆਣਾ, 16 ਜੁਲਾਈ
ਸਮਾਰਟ ਸਿਟੀ ਲੁਧਿਆਣਾ ਦੇ ਘਰਾਂ ਵਿੱਚ ਕੂੜਾ ਚੁੱਕਣ ਲਈ ਹੁਣ ਈ-ਰਿਕਸ਼ਾ ਆਉਣਗੇ। ਸ਼ਹਿਰ ਦੇ 95 ਵਾਰਡਾਂ ਲਈ ਪਹਿਲੇ ਫੇਜ਼ ਵਿੱਚ 360 ਈ -ਰਿਕਸ਼ੇ ਆਉਣਗੇ। ਇਸ ਲਈ ਬੀਤੇ ਦਿਨੀਂ ਸਥਾਨਕ ਸਰਕਾਰਾਂ ਦੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੁੱਝ ਈ-ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਹੁਣ ਜਲਦ ਹੀ ਸਾਰੇ ਵਾਰਡਾਂ ਵਿੱਚ ਈ-ਰਿਕਸ਼ਿਆਂ ਰਾਹੀਂ ਕੂੜਾ ਚੁੱਕਿਆ ਜਾਵੇਗਾ। ਆਪ ਦੀ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਬੀਤੇ ਦਿਨੀਂ ਹੀ ਸਥਾਨਕ ਸਰਕਾਰਾਂ ਦੇ ਮੰਤਰੀ ਨੇ 95 ਵਾਰਡਾਂ ਲਈ 360 ਈ ਰਿਕਸ਼ਾ ਚਲਾਉਣ ਦੇ ਕੰਮ ਨੂੰ ਹਰੀ ਝੰਡੀ ਦਿੱਤੀ ਹੈ। ਦਰਅਸਲ, ਸਨਅਤੀ ਸ਼ਹਿਰ ਵਿੱਚ ਕੇਂਦਰ ਸਰਕਾਰ ਦੀ ਸਕੀਮ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ 360 ਈ-ਰਿਕਸ਼ਾ ਖਰੀਦੇ ਗਏ ਹਨ। ਘਰੋਂ ਘਰੀ ਕੂੜਾ ਚੁੱਕਣ ਤੋਂ ਬਾਅਦ ਇਹ ਕੂੜੇ ਨੂੰ ਡੰਪ ’ਤੇ ਛੱਡਣਗੇ। ਨਾਲ ਹੀ ਖਾਸ ਗੱਲ ਇਹ ਹੈ ਕਿ ਇਸ ਈ ਰਿਕਸ਼ਾ ਵਿੱਚ ਸੁੱਕਾ ਤੇ ਗਿੱਲਾ ਕੂੜਾ ਵੱਖੋਂ ਵੱਖ ਰੱਖਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਈ-ਰਿਕਸ਼ਾ ਸੈਨੇਟਰੀ ਇੰਸਪੈਕਟਰ ਦੇ ਅਧੀਨ ਵੰਡੇ ਗਏ ਹਨ। ਨਗਰ ਨਿਗਮ ਨੇ ਇੱਕ ਈ-ਰਿਕਸ਼ਾ 2.72 ਲੱਖ ਰੁਪਏ ਦੀ ਕੀਮਤ ਨਾਲ ਖਰੀਦਿਆ ਹੈ, ਜਿਨ੍ਹਾਂ ਲਈ ਕੁੱਲ 9.36 ਕਰੋੜ ਰੁਪਏ ਦਾ ਖ਼ਰਚਾ ਆਏਗਾ। ਜ਼ਿਕਰਯੋਗ ਹੈ ਕਿ ਫਿਲਹਾਲ ਜਿਨ੍ਹਾਂ ਵਾਰਡਾਂ ਵਿੱਚ ਈ-ਰਿਕਸ਼ਾ ਰਾਹੀਂ ਕੂੜਾ ਇਕੱਠਾ ਕੀਤਾ ਜਾਵੇਗਾ, ਉਨ੍ਹਾਂ ਦੇ ਸਟੇਟਿਕ ਕੰਪੈਕਟਰ ਸਾਈਟਾਂ ’ਤੇ ਹੀ ਈ-ਰਿਕਸ਼ਾ ਨੂੰ ਚਾਰਜ ਕਰਨ ਦੇ ਚਾਰਜਿੰਗ ਪੁਆਇੰਟ ਬਣਾਏ ਗਏ ਹਨ। ਦੋ ਢਾਈ ਘੰਟੇ ਵਿੱਚ ਰੋਜ਼ਾਨਾ ਈ-ਰਿਕਸ਼ਾ ਨੂੰ ਚਾਰਜ ਕਰਨਾ ਪਵੇਗਾ। ਇਸ ਤੋਂ ਬਾਅਦ 80 ਕਿੱਲੋਮੀਟਰ ਈ-ਰਿਕਸ਼ਾ ਚੱਲੇਗਾ। ਸਫ਼ਾਈ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਵੇਰੇ ਕੂੜਾ ਇਕੱਠਾ ਕਰਕੇ ਉਸ ਤੋਂ ਬਾਅਦ ਸਾਈਟ ’ਤੇ ਈ-ਰਿਕਸ਼ਾ ਖੜ੍ਹਾ ਕਰਕੇ ਜਾਣ। ਵਿਧਾਇਕ ਛੀਨਾ ਨੇ ਦੱਸਿਆ ਇਸੇ ਮਹੀਨੇ ਕੁੱਲ ਈ-ਰਿਕਸ਼ਾ ਵਿੱਚੋਂ 150 ਤੋਂ 200 ਈ-ਰਿਕਸ਼ੇ ਨਗਰ ਨਿਗਮ ਦੇ ਕੋਲ ਆ ਜਾਣਗੇ। ਜਿਨ੍ਹਾਂ ਨੂੰ ਵੱਖ ਵੱਖ ਵਾਰਡਾਂ ਵਿੱਚ ਭੇਜ ਦਿੱਤਾ ਜਾਏਗਾ।