ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਸਤੰਬਰ
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿੱਚ ਲੇਖਕ ਇੰਜਨੀਅਰ ਡੀ ਐੱਮ ਸਿੰਘ ਦਾ ਨਾਵਲ ‘ਲਿਫ਼ਾਫ਼ਾ’ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਪ੍ਰੋ.ਗੁਰਭਜਨ ਸਿੰਘ ਗਿੱਲ, ਹਰਵਿੰਦਰ ਚੰਡੀਗੜ੍ਹ, ਗੁਰਚਰਨ ਕੌਰ, ਕੇ ਸਾਧੂ ਸਿੰਘ ਤੇ ਅਮਰਜੀਤ ਸ਼ੇਰਪੁਰੀ ਵੀ ਹਾਜ਼ਰ ਸਨ।
ਆਪਣੇ ਸੰਬੋਧਨ ਵਿੱਚ ਡਾ. ਜੌਹਲ ਨੇ ਕਿਹਾ ਕਿ ਬਹੁਕੌਮੀ ਕੰਪਨੀਆਂ ਵੱਲੋਂ ਸਿਹਤ ਸੈਕਟਰ ਵਿੱਚ ਮਚਾਈ ਲੁੱਟ ਖਿਲਾਫ਼ ਇਹ ਪਹਿਲੀ ਸੁਚੇਤ ਰਚਨਾ ਹੈ, ਜਿਸ ਦਾ ਸਵਾਗਤ ਕਰਨਾ ਬਣਦਾ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗਿੱਲ ਨੇ ਕਿਹਾ ਕਿ ਕਾਰਪੋਰੇਟ ਜ਼ਿਮੇਵਾਰੀ ਐਕਟ ਅਧੀਨ ਵੱਖ ਵੱਖ ਕਾਰੋਬਾਰੀਆਂ ਨੇ ਕੁਝ ਰਕਮ ਸਮਾਜ ਸੇਵਾ, ਸਿਹਤ ਤੇ ਸਿੱਖਿਆ ਅਦਾਰਿਆਂ ਲਈ ਰਾਖਵੀਂ ਕਰਨੀ ਸੀ ਪਰ ਉਨ੍ਹਾਂ ਕਾਰਪੋਰੇਟ ਘਰਾਣਿਆਂ ਨੇ ਬਾਹਰ ਦਾਨ ਦੇਣ ਦੀ ਥਾਂ ਇਨ੍ਹਾਂ ਖੇਤਰਾਂ ਵਿੱਚ ਵੀ ਅਦਾਰੇ ਸਥਾਪਤ ਕਰਕੇ ਆਪਣਾ ਸਾਮਰਾਜ ਹੋਰ ਵਧਾ ਲਿਆ ਹੈ। ਅਕਾਲ ਡਿਗਰੀ ਕਾਲਜ ਮਸਤੂਆਣਾ ਵਿੱਚ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਚਰਨਜੀਤ ਸਿੰਘ ਉਡਾਰੀ ਵੱਲੋਂ ਇਸ ਨਾਵਲ ਬਾਰੇ ਲਿਖੇ ਖੋਜ ਪੱਤਰ ਨੂੰ ਗੁਰਚਰਨ ਕੌਰ ਕੋਚਰ ਨੇ ਪੇਸ਼ ਕੀਤਾ। ਡੀ ਐੱਮ ਸਿੰਘ ਨੇ ਦੱਸਿਆ ਕਿ ਇਹ ਨਾਵਲ ਕਾਰਪੋਰੇਟ ਘਰਾਣਿਆਂ ਵੱਲੋਂ ਚਲਾਏ ਜਾ ਰਹੇ ਕਮਿਸ਼ਨਬਾਜ਼ੀ ਦੇ ਲੁੱਟ ਤੰਤਰ ਨੂੰ ਬੇਪਰਦ ਕਰਦਾ ਹੈ। ਇਸ ਨਾਲ ਜੁੜੇ ਡਰੱਗ ਮਾਫ਼ੀਆ ਤੇ ਭ੍ਰਿਸ਼ਟ ਪੁਲੀਸ ਨਿਜ਼ਾਮ ਨੂੰ ਵੀ ਕੇਂਦਰ ’ਚ ਰੱਖਿਆ ਗਿਆ ਹੈ।