ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਸਤੰਬਰ
ਇਥੇ ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਐਂਪਲਾਈਜ਼ ਯੂਨੀਅਨ ਪੰਜਾਬ ਦੀ ਕਾਰਜਕਾਰੀ ਦੀ ਮੀਟਿੰਗ ਹੋਈ, ਜਿਸ ’ਚ 22 ਕਾਲਜਾਂ ਨਾਲ ਸਬੰਧਤ ਨੁਮਾਇੰਦਿਆਂ ਨੇ ਹਿੱਸਾ ਲਿਆ। ਸਥਾਨਕ ਲਾਜਪਤ ਰਾਏ ਡੀਏਵੀ ਕਾਲਜ ਨਾਲ ਸਬੰਧਤ ਯੂਨੀਅਨ ਦੇ ਉੱਪ ਪ੍ਰਧਾਨ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਵਿੱਦਿਆ ਦੇ ਮੰਦਰਾਂ ਪ੍ਰਤੀ ਰੁੱਖਾ ਰਵੱਈਆ ਅਖਤਿਆਰ ਕੀਤਾ ਹੋਇਆ ਹੈ, ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁਲਾਜ਼ਮਾਂ ਦੀਆਂ ਤਨਖਾਹਾਂ ਦੀਆਂ ਗਰਾਂਟਾਂ ਦੇਰ ਨਾਲ ਜਾਰੀ ਕਰਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਮਿਲ ਕੇ ਮੁਲਾਜ਼ਮਾ ਦੀਆਂ ਮੰਗਾਂ ਸਬੰਧੀ ਕਈ ਮੰਗ-ਪੱਤਰ ਦਿੱਤੇ ਗਏ ਹਨ। ਉਚੇਰੀ ਸਿੱਖਿਆ ਮੰਤਰੀ ਨੇ ਯੂਨੀਅਨ ਨਾਲ ਮੁਲਾਕਾਤ ਸਮੇਂ ਮੰਗਾਂ ਨੂੰ ਜਲਦੀ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ। ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਮਾੜੀ ਸੋਚ ਕਰਕੇ ਕਰਮਚਾਰੀਆਂ ’ਚ ਭਾਰੀ ਰੋਸ ਹੈ।