ਗਗਨਦੀਪ ਅਰੋੜਾ
ਲੁਧਿਆਣਾ, 1 ਫਰਵਰੀ
ਜ਼ਿਲ੍ਹਾ ਲੁਧਿਆਣਾ ’ਚ ਵਿਧਾਨ ਸਭਾ ਚੋਣਾਂ 2022 ਲਈ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ 97 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ। ਅੱਜ ਸੰਯੁਕਤ ਸਮਾਜ ਮੋਰਚਾ ਦੇ ਬਲਬੀਰ ਸਿੰਘ ਰਾਜੇਵਾਲ ਨੇ ਸਮਰਾਲਾ ਤੋਂ, ਖੰਨਾ ਤੋਂ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਸਣੇ ਕਈ ਵੱਡੇ ਆਗੂਆਂ ਨੇ ਅੱਜ ਨਾਮਜ਼ਦਗੀ ਭਰੀ।
ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੱਜ ਲੁਧਿਆਣਾ ਜ਼ਿਲ੍ਹੇ ਵਿੱਚ 97 ਉਮੀਦਵਾਰਾਂ ਤੇ ਉਨ੍ਹਾਂ ਦੇ ਨਾਲ ਕਵਰਿੰਗ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਜਿਸ ਤਹਿਤ ਹਲਕਾ ਖੰਨਾ ਤੋਂ 10, ਹਲਕਾ ਸਮਰਾਲਾ ਤੋਂ 5, ਹਲਕਾ ਸਾਹਨੇਵਾਲ ਤੋਂ 14, ਹਲਕਾ ਲੁਧਿਆਣਾ ਪੂਰਬੀ ਤੋਂ 3, ਹਲਕਾ ਲੁਧਿਆਣਾ ਦੱਖਣੀ ਤੋਂ 10, ਹਲਕਾ ਲੁਧਿਆਣਾ ਆਤਮ ਨਗਰ ਤੋਂ 4, ਹਲਕਾ ਲੁਧਿਆਣਾ ਕੇਂਦਰੀ ਤੋਂ 3, ਲੁਧਿਆਣਾ ਹਲਕਾ ਪੱਛਮੀ ਤੋਂ 8, ਲੁਧਿਆਣਾ ਹਲਕਾ ਉੱਤਰੀ ਤੋਂ 13, ਹਲਕਾ ਗਿੱਲ ਤੋਂ 3, ਹਲਕਾ ਪਾਇਲ ਤੋਂ 11, ਹਲਕਾ ਦਾਖਾ ਤੋਂ 5, ਹਲਕਾ ਰਾਏਕੋਟ ਤੋਂ 7 ਤੇ ਹਲਕਾ ਜਗਰਾਉਂ ਤੋਂ 6 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ।
ਵੱਡੇ ਆਗੂਆਂ ਵਿੱਚ ਹਲਕਾ ਸਮਰਾਲਾ ਤੋਂ ਆਜ਼ਾਦ ਉਮੀਦਵਾਰ ਵੱਜੋਂ ਬਲਬੀਰ ਸਿੰਘ ਰਾਜੇਵਾਲ, ਖੰਨਾ ਤੋਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਾਂਗਰਸ ਪਾਰਟੀ ਵੱਲੋਂ ਨਾਮਜ਼ਦਗੀ ਦਾਖਲ ਕੀਤੀ। ਇਸ ਦੇ ਨਾਲ ਹੀ ਹਲਕਾ ਪੂਰਬੀ ਤੋਂ ਲੋਕ ਇਨਸਾਫ਼ ਪਾਰਟੀ ਦੇ ਗੁਰਜੋਧ ਸਿੰਘ, ਹਲਕਾ ਦੱਖਣੀ ਤੋਂ ਕਾਂਗਰਸ ਦੇ ਉਮੀਦਵਾਰ ਈਸ਼ਵਰਜੋਤ ਸਿੰਘ ਚੀਮਾ, ਹਲਕਾ ਆਤਮ ਨਗਰ ਤੋਂ ਕੁਲਵੰਤ ਸਿੰਘ ਸਿੱਧੂ, ਹਲਕਾ ਕੇਂਦਰੀ ਤੋਂ ਸਾਬਕਾ ਕਾਂਗਰਸੀ ਆਗੂ ਜਤਿੰਦਰ ਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵੱਜੋਂ ਨਾਮਜ਼ਦਗੀ ਭਰੀ। ਇਸੇ ਤਰ੍ਹਾਂ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹਲਕੇ ਵਿੱਚ ਅੱਜ ਕਾਫ਼ੀ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ, ਜਿਸ ਵਿੱਚ ਸਾਬਕਾ ਬਰਖਾਸਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ, ਕਿਸਾਨਾਂ ਵੱਲੋਂ ਸਨਅਤਕਾਰ ਤਰੁਣ ਜੈਨ ਨੇ ਆਜ਼ਾਦ ਉਮੀਦਵਾਰ ਵਜੋਂ, ਸਾਬਕਾ ਕਾਂਗਰਸੀ ਆਗੂ ਕੇਕੇ ਬਾਵਾ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ।
ਆਪਣੇ ਦਾਦੇ ਦੀ ਅੰਬੈਸਡਰ ਕਾਰ ’ਚ ਨਾਮਜ਼ਦਗੀ ਭਰਨ ਆਏ ਕੋਟਲੀ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਸ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜ ਰਹੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਨਾਮਜ਼ਦਗੀ ਦਾਖਲ ਕੀਤੀ। ਉਹ ਆਪਣੇ ਮਰਹੂਮ ਦਾਦੇ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਚਾਲੀ ਵਰ੍ਹੇ ਪੁਰਾਣੀ ਅੰਬੈਸਡਰ ਕਾਰ ਵਿਚ ਆਏ ਤੇ ਐਸਡੀਐਮ ਦਫਤਰ ਜਾ ਕੇ ਕਾਗਜ਼ ਜਮ੍ਹਾਂ ਕਰਵਾਏ। ਇਸ ਮੌਕੇ ਉਨ੍ਹਾਂ ਨਾਲ ਪਿਤਾ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਤੇ ਪਰਿਵਾਰ ਦੇ ਹੋਰ ਮੈਂਬਰ ਤੇ ਸਮਰਥਕ ਵੀ ਨਾਲ ਸਨ। ਇਥੋਂ ਛੇ ਜਣਿਆਂ ਨੇ ਕਾਗਜ਼ ਦਾਖਲ ਕੀਤੇ।
ਵੱਖ-ਵੱਖ ਪਾਰਟੀ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ
ਪਾਇਲ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਪਾਇਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਰਿਟਰਨਿੰਗ ਅਫਸਰ ਪਾਇਲ ਦੀਪਜੋਤ ਕੌਰ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਅਤੇ ਕਵਰਿੰਗ ਵਜੋਂ ਲੱਖਾ ਦੀ ਪਤਨੀ ਕਮਲੇਸ਼ ਕੌਰ ਵੱਲੋਂ ਪਰਚੇ ਭਰੇ ਗਏ। ਅੱਜ ਨਾਮਜ਼ਦਗੀਆਂ ਦੇ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਥੇਦਾਰ ਰਾਮਪਾਲ ਸਿੰਘ ਦੌਲਤਪੁਰ, ਸੰਯੁਕਤ ਸਮਾਜ ਮੋਰਚੇ ਵੱਲੋਂ ਸਿਮਰਦੀਪ ਸਿੰਘ ਦੌਬੁਰਜੀ, ਲੋਕ ਇਨਸਾਫ ਪਾਰਟੀ ਵੱਲੋਂ ਜਗਦੀਪ ਸਿੰਘ ਜੱਗੀ ਮਾਜਰੀ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਹਰਸ਼ਿਤ ਕੁਮਾਰ ਸ਼ੀਤਲ, ਆਜ਼ਾਦ ਉਮੀਦਵਾਰ ਵਜੋਂ ਸਾਬਕਾ ਪ੍ਰਿੰਸੀਪਲ ਮਲਕੀਤ ਸਿੰਘ ਅਤੇ ਆਜ਼ਾਦ ਉਮੀਦਵਾਰ ਜਗਤਾਰ ਸਿੰਘ ਬੇਗੋਵਾਲ ਵੱਲੋਂ ਰਿਟਰਨਿੰਗ ਅਫਸਰ ਦੀਪਜੋਤ ਕੌਰ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।
ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਨਾਮਜ਼ਦਗੀ ਭਰੀ
ਪਾਇਲ (ਪੱਤਰ ਪ੍ਰੇਰਕ): ਹਲਕਾ ਪਾਇਲ ਤੋਂ ਅਕਾਲੀ ਦਲ ਅੰਮ੍ਰਿਤਸਰ ਵਲੋਂ ਵਿਧਾਨ ਸਭਾ ਚੋਣ ਲੜ ਰਹੇ ਜਥੇਦਾਰ ਰਾਮਪਾਲ ਸਿੰਘ ਦੌਲਤਪੁਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਰਿੰਕਾ ਘੁਡਾਣੀ ਨੇ ਕਿਹਾ ਕਿ ਅਕਾਲੀ ਤੇ ਕਾਂਗਰਸੀ ਇੱਕੋ ਸਿੱਕੇ ਦੇ ਦੋ ਪਾਸੇ ਹਨ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਕੇ ਮੁੜ ਸੱਤਾ ’ਤੇ ਕਾਬਜ਼ ਹੋਣਾ ਚਾਹੁੰਦੇ ਹਨ ਪਰ ਇਸ ਵਾਰ ਲੋਕ ਦੋਨਾਂ ਪਾਰਟੀਆਂ ਨੂੰ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਆਪ ਆਗੂ ਅਰਵਿੰਦ ਕੇਜਰੀਵਾਲ ਆਰ ਐਸ ਐਸ ਦਾ ਏਜੰਟ ਹੈ। ਇਸ ਮੌਕੇ ਕੋਚ ਸੁਰਜੀਤ ਸਿੰਘ ਧਮੋਟ, ਹਰਜਿੰਦਰ ਸਿੰਘ ਸੀਹਾਂਦੌਦ, ਸਤਨਾਮ ਸਿੰਘ ਰੋਹਣੋ ਖੁਰਦ, ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਜਥੇ ਹਰਪਾਲ ਸਿੰਘ ਨਿਜਾਮਪੁਰ, ਪ੍ਰਿਤਪਾਲ ਸਿੰਘ ਘੁਡਾਣੀ, ਅਜਮੇਰ ਸਿੰਘ ਘੁਡਾਣੀ ਕਲਾਂ, ਹਰਦੀਪ ਸਿੰਘ ਸਿਹੋੜਾ, ਪਰਮਿੰਦਰ ਸਿੰਘ ਮਲੌਦ, ਬਲਦੀਪ ਸਿੰਘ ਕੱਦੋ, ਪਰਦੀਪ ਸਿੰਘ ਸਿਹੋੜਾ ਵੀ ਹਾਜ਼ਰ ਸਨ।