ਪੱਤਰ ਪ੍ਰੇਰਕ
ਪਾਇਲ, 6 ਨਵੰਬਰ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਦੱਸਿਆ ਕਿ 9 ਨਵੰਬਰ ਨੂੰ ਕਿਸਾਨੀ ਅੰਦੋਲਨ ਵਿੱਚ ਦਿੱਲੀ ਲਈ ਜਥਾ 11 ਵਜੇ ਖੰਨਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦੇ ਰੁਝੇਵੇਂ ਹਨ ਪਰ ਆਪਣੀ ਹੋਂਦ ਲਈ ਖ਼ਤਰਾ ਬਣੇ ਖੇਤੀ ਕਾਨੂੰਨਾਂ ਖ਼ਿਲਾਫ਼ ਚਲਦਾ ਸੰਘਰਸ਼ ਜਾਰੀ ਰੱਖਣਾ ਵੀ ਅਹਿਮ ਹੈ। ਨਿੱਜੀ ਰੁਝੇਵਿਆਂ ਵਿੱਚੋਂ ਅੰਦੋਲਨਾਂ ਵਿੱਚ ਕੁੱਦਣਾ ਜਜ਼ਬੇ ਵਾਲੇ ਲੋਕਾਂ ਦੇ ਹਿੱਸੇ ਆਉਂਦਾ ਹੈ। ਇਸ ਲਈ ਜਥੇ ਵਿੱਚ ਜੁਝਾਰੂ ਲੋਕ ਰਵਾਨਾ ਹੋਣਗੇ। ਉਨ੍ਹਾਂ ਸਮੁੱਚੇ ਭਾਈਚਾਰਿਆਂ ਨੂੰ ਸ਼ਮੂਲੀਅਤ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਜੇ ਖੇਤੀ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਗਏ ਤਾਂ ਪੰਜਾਬ ’ਚੋਂ ਮੰਗਿਆਂ ਭੀਖ਼ ਵੀ ਨਹੀਂ ਮਿਲਣੀ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਇੱਥ ਰੇਲਵੇ ਸਟੇਸ਼ਨ ਦੇ ਬਾਹਰ ਆਰੰਭਿਆ ਸੰਘਰਸ਼ 403ਵੇਂ ਦਿਨ ਕਿਸਾਨ-ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਜਾਰੀ ਹੈ। ਅੱਜ ਪਿੰਡ ਸਾਹਿਬਪੁਰਾ ਅਤੇ ਇਸਮੈਲਪੁਰ ਦੇ ਕਿਸਾਨਾਂ ਦਾ ਜਥਾ ਦਿੱਲੀ ਬਾਰਡਰ ਲਈ ਰਵਾਨਾ ਹੋਇਆ।
ਇਸ ਮੌਕੇ ਦਲਜੀਤ ਸਿੰਘ ਸਵੈਚ, ਹਰਮਿੰਦਰ ਸਿੰਘ ਅਤੇ ਅਵਤਾਰ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਗੰਨਾ ਮਿੱਲ ਮਾਲਕ ਗੰਨਾ ਉਤਪਾਦਕ ਕਿਸਾਨਾਂ ਨੂੰ ਲੁੱਟਣ ਦੀ ਤਾਕ ਵਿਚ ਹਨ। ਪੰਜਾਬ ਸਰਕਾਰ ਨੇ ਕਿਸਾਨ ਯੂਨੀਅਨਾਂ ਦੇ ਸੰਘਰਸ਼ ਉਪਰੰਤ ਕਿਸਾਨਾਂ ਨਾਲ ਸਮਝੌਤਾ ਕਰ ਕੇ ਗੰਨੇ ਦੀ ਕੀਮਤ 360 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤੀ ਸੀ, ਪਰ ਕੁਝ ਦਿਨ ਪਹਿਲਾਂ ਪ੍ਰਾਈਵੇਟ ਗੰਨਾ ਮਿੱਲ ਮਾਲਕਾਂ ਨੇ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਸਰਕਾਰ ਵੱਲੋਂ ਨਿਰਧਾਰਿਤ ਕੀਮਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਰਕਾਰ ਦਾ ਇਸ ’ਤੇ ਚੁੱਪ ਵੱਟਣਾ ਕੁਝ ਗ਼ਲਤ ਹੋਣ ਦਾ ਸੰਕੇਤ ਦਿੰਦਾ ਹੈ।