ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਦਸੰਬਰ
ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਮੁਲਾਜ਼ਮਾਂ ਨੇ ਅੱਜ ਵੀ ਸਿਵਲ ਸਰਜਨ ਲੁਧਿਆਣਾ ਦੇ ਦਫ਼ਤਰ ਵਿੱਚ ਆਪਣਾ ਅਣਮਿਥੇ ਸਮੇਂ ਲਈ ਧਰਨਾ ਜਾਰੀ ਰੱਖਿਆ। 29 ਨਵੰਬਰ ਤੋਂ ਮੁਲਾਜ਼ਮ ਇਸ ਥਾਂ ’ਤੇ ਧਰਨਾ ਲਗਾ ਕੇ ਬੈਠੇ ਹਨ, ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਲ ਹਸਪਤਾਲ ਤੇ ਹੋਰਨਾਂ ਥਾਵਾਂ ’ਤੇ 15 ਦਿਨ ਤੋਂ ਧਰਨੇ ਦੇ ਰਹੇ ਸਨ। ਧਰਨੇ ਦੌਰਾਨ ਮੁਲਾਜ਼ਮਾਂ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ 12 ਹਜ਼ਾਰ ਮੁਲਾਜ਼ਮ ਪਿਛਲੇ 12 ਸਾਲਾਂ ਤੋਂ ਬਹੁਤ ਘੱਟ ਤਨਖਾਹਾਂ ’ਤੇ ਕੰਮ ਕਰ ਰਹੇ ਹਨ, ਜਿਸ ਕਰਕੇ ਹੁਣ ਉਹ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਜਿਵੇਂ ਰਾਜਸਥਾਨ, ਆਂਦਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਤਾਮਿਲਨਾਡੂ ਦੀਆਂ ਸਰਕਾਰਾਂ ਨੇ ਨਿਯਮਾਂ ਵਿੱਚ ਤਬਦੀਲੀ ਕਰਦੇ ਹੋਏ ਨਵੀਂ ਪਾਲਿਸੀ ਬਣਾ ਕੇ ਰਾਜ ਦੇ ਰਾਸ਼ਟਰੀ ਸਿਹਤ ਮਿਸ਼ਨ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰ ਦਿੱਤਾ ਹੈ, ਉਵੇਂ ਹੀ ਪੰਜਾਬ ਸਰਕਾਰ ਵੀ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੇ ਨਵਾਂ ਬਿੱਲ ਬਣਾ ਕੇ ਪੱਕਾ ਕਰਨ ਦਾ ਐਲਾਨ ਕੀਤਾ ਹੈ, ਪਰ ਉਸ ਵਿੱਚ ਐੱਨਐੱਚਐੱਮ ਮੁਲਾਜ਼ਮਾਂ ਨੂੰ ਨਹੀਂ ਪਾਇਆ ਗਿਆ, ਜੋਕਿ ਸਿੱਧੇ ਤੌਰ ’ਤੇ ਮੁਲਾਜ਼ਮਾਂ ਨਾਲ ਬੇਇਨਸਾਫ਼ੀ ਹੈ। ਇਸ ਧਰਨੇ ਵਿੱਚ ਹੁਣ ਰੋਜ਼ਾਨਾਂ ਐੱਨਐੱਚਐੱਮ ਵਿਭਾਗ ਦੇ ਮੁਲਾਜ਼ਮ, ਕਮਿਊਨਿਟੀ ਹੈਲਥ ਅਫ਼ਸਰ, ਆਰਬੀਐੱਸਕੇ ਦੇ ਡਾਕਟਰ, ਸਟਾਫ਼ ਨਰਸਾਂ ਵਿੱਚ ਸ਼ਾਮਲ ਹੋਣਗੀਆਂ।