ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਦਸੰਬਰ
ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਕੱਚੇ ਮੁਲਾਜ਼ਮਾਂ ਨੇ ਜ਼ਿਲ੍ਹਾ ਲੁਧਿਆਣਾ ’ਚ ਪੰਜਾਬ ਸਰਕਾਰ ਖਿਲਾਫ਼ ਆਪਣਾ ਸੰਘਰਸ਼ ਤੇਜ਼ ਕਰ ਦਿੱਤਾ ਹੈ। ਮੰਗਲਵਾਰ ਨੂੰ ਕੱਚੇ ਮੁਲਾਜ਼ਮਾਂ ਨੇ ਸਿਵਲ ਸਰਜਨ ਦਫ਼ਤਰ ਦੇ ਕੋਲ ਚੌਕ ’ਤੇ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੰਡ ਫੂਕ ਕੇ ਆਪਣਾ ਵਿਰੋਧ ਜ਼ਾਹਰ ਕੀਤਾ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕਰਦੀ, ਉਹ ਇਸੇ ਤਰ੍ਹਾਂ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਰਹਿਣਗੇ। ਆਉਣ ਵਾਲੇ ਦਿਨਾਂ ’ਚ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਤਾਂ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕਰੇ।
ਯੂਨੀਅਨ ਆਗੂਆਂ ਨੇ ਕਿਹਾ ਕਿ ਪੂਰੇ ਸੂਬੇ ’ਚ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ 12 ਹਜ਼ਾਰ ਮੁਲਾਜ਼ਮ ਬੀਤੇ 15 ਸਾਲਾਂ ਤੋਂ ਕੰਮ ਕਰ ਹਨ। ਜਦੋਂ ਕਰੋਨਾ ਦੀ ਲਹਿਰ ਨਾਲ ਡਰ ਕੇ ਲੋਕ ਘਰਾਂ ’ਚ ਬੈਠੇ ਸਨ, ਉਸ ਸਮੇਂ ਉਹ ਸੜਕਾਂ ’ਤੇ ਉਤਰ ਕੇ ਕੰਮ ਕਰ ਰਹੇ ਸਨ। ਚਾਹੇ ਕਰੋਨਾ ਪੀੜਤਾਂ ਦੀ ਦੇਖਭਾਲ ਦਾ ਕੰਮ ਹੋਵੇ ਜਾਂ ਫਿਰ ਸੈਂਪਲਿੰਗ ਲੈਣ ਦਾ ਕੰਮ ਹੋਵੇ, ਉਨ੍ਹਾਂ ਨੇ ਫਰੰਟ ਲਾਈਨ ’ਤੇ ਕੰਮ ਕੀਤਾ। ਪੰਜਾਬ ਸਰਕਾਰ ਨੇ ਹੋਰ ਕਰਮੀਆਂ ਨੂੰ ਕਰੋਨਾ ਯੋਧਿਆਂ ਦਾ ਦਰਜਾ ਦੇ ਕੇ ਕਈ ਰਾਹਤਾਂ ਦਿੱਤੀਆਂ, ਪਰ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ। ਉਹ ਬੀਤੇ 21 ਦਿਨਾਂ ਤੋਂ ਕੱਚੇ ਕਰਮੀਆਂ ਨੂੰ ਰੈਗੂਲਰ ਕਰ ਲਈ ਹੜਤਾਲ ਕਰ ਰਹੇ ਹਨ, ਪਰ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਹੈ।