ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਅਪਰੈਲ
ਤਾਜਪੁਰ ਰੋਡ ਸਥਿਤ ਕੂੜਾ ਡੰਪ ਦੇ ਕੋਲ ਇੱਕ ਝੁੱਗੀ ’ਚ ਅੱਗ ਲੱਗਣ ਕਾਰਨ ਇੱਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਨੋਟਿਸ ਲਿਆ ਹੈ। ਐਨਜੀਟੀ ਅਧਿਕਾਰੀ ਆਦਰਸ਼ ਗਰੇਵਾਲ ਨੇ ਕਮੇਟੀ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਤੇ 15 ਦਿਨ ’ਚ ਰਿਪੋਰਟ ਦੇਣ ਲਈ ਆਖਿਆ ਹੈ। ਜਾਂਚ ਕਮੇਟੀ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਇਸ ਮਾਮਲੇ ’ਚ ਦੀ ਪੁਸ਼ਟੀ ਕਰਦਿਆਂ ਕਿਹਾ ਕਿ 27 ਅਪਰੈਲ ਨੂੰ ਘਟਨਾ ਸਥਾਨ ’ਤੇ ਪੁੱਜ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਇਸ ਕਮੇਟੀ ਦੀ ਅਗਵਾਈ ਜਸਟਿਸ ਜਸਬੀਰ ਸਿੰਘ ਕਰਨਗੇ। ਸੀਚੇਵਾਲ ਨੇ ਕਿਹਾ ਕਿ ਐਨਜੀਟੀ ਨੇ ਆਪਣੇ ਹੁਕਮਾਂ ’ਚ ਕਿਹਾ ਕਿ ਰਿਪੋਰਟਾਂ ਮੁਤਾਬਕ ਕੂੜੇ ਦਾ ਪ੍ਰਬੰਧ ਕਰਦੇ ਸਮੇਂ ਵਾਤਾਵਰਨ ਨਿਯਮਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਐਨਜੀਟੀ ਨੇ 15 ਦਿਨਾਂ ਦੇ ਅੰਦਰ ਪੂਰੀ ਰਿਪੋਰਟ ਮੇਲ ਕਰਨ ਲਈ ਕਿਹਾ ਹੈ, ਉਧਰ ਐਨਜੀਟੀ ਨੇ ਵੱਡੇ ਸ਼ਹਿਰਾਂ ’ਚ ਜਿੱਥੇ ਕੂੜਾ ਡੰਪ ਕੀਤਾ ਜਾਂਦਾ ਹੈ, ਉਥੇ ਦੀ ਜਾਣਕਾਰੀ ਵੀ ਇਕੱਠੀ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਤਾਜਪੁਰ ਰੋਡ ਸਥਿਤ ਕੂੜਾ ਡੰਪ ਦੇ ਕੋਲ ਬੀਤੇ ਮੰਗਲਵਾਰ ਦੀ ਰਾਤ ਨੂੰ ਝੁੱਗੀ ’ਚ ਰਹਿੰਦੇ ਪਰਿਵਾਰ ਦਾ ਵੱਡਾ ਲੜਕਾ ਰਾਜੇਸ਼ ਕੁਮਾਰ ਆਪਣੇ ਦੋਸਤ ਘਰ ਰਹਿਣ ਲਈ ਚਲਾ ਗਿਆ ਸੀ। ਰਾਤ ਸਮੇਂ ਝੁੱਗੀ ’ਚ ਉਸਦਾ ਪਿਤਾ ਸੁਰੇਸ਼ ਸਾਹਨੀ, ਮਾਂ ਅਰੁਣਾ ਦੇਵੀ, ਵੱਡੀ ਭੈਣ ਰਾਖੀ ਕੁਮਾਰੀ, ਮਨੀਸ਼ਾ ਕੁਮਾਰੀ, ਚੰਦਾ ਕੁਮਾਰੀ, ਗੀਤਾ ਕੁਮਾਰੀ ਤੇ ਛੋਟਾ ਭਰਾ ਸੰਨੀ ਸੌ ਰਹੇ ਸਨ। ਦੇਰ ਰਾਤ ਅਚਾਨਕ ਝੁੱਗੀ ’ਚ ਅੱਗ ਲੱਗ ਗਈ। ਝੁੱਗੀ ਨੂੰ ਅੰਦਰੋ ਤਾਲਾ ਲੱਗਾ ਹੋਣ ਕਰਕੇ ਕੋਈ ਬਾਹਰ ਨਹੀਂ ਨਿਕਲ ਪਾਇਆ ਤੇ ਜਿਉਂਦੇ ਹੀ ਸੜ ਗਏ ਸਨ।