ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 26 ਅਪਰੈਲ
ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ਉੱਪਰ ਗੁਰਦੁਆਰਾ ਮੁਸ਼ਕਿਆਣਾ ਸਾਹਿਬ ਨੇੜੇ ਇਕ ਨਿੱਜੀ ਨਰਸਿੰਗ ਹੋਮ ਦੀਆਂ ਦੁਕਾਨਾਂ ਵਿਚ ਸੋਨਾਲੀਕਾ ਟਰੈਕਟਰਾਂ ਦੀ ਏਜੰਸੀ ਦੇ ਸ਼ਟਰ ਤੋੜ ਕੇ ਚੋਰ ਨਵਾਂ ਟਰੈਕਟਰ ਲੈ ਉੱਡੇ। ਲੁਧਿਆਣਾ ਵਾਸੀ ਅਸ਼ੀਸ਼ ਕੁਮਾਰ ਗਰਗ ਨੇ ਥਾਣਾ ਦਾਖਾ ਦੀ ਪੁਲੀਸ ਕੋਲ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਸੋਨਾਲੀਕਾ ਟਰੈਕਟਰ ਏਜੰਸੀ ਦੀ ਮੁੱਲਾਂਪੁਰ ਬਰਾਂਚ ਵਿਚ ਕਰੀਬ ਤਿੰਨ ਹਫ਼ਤੇ ਪਹਿਲਾਂ ਵੇਚਣ ਲਈ ਮੰਗਵਾਇਆ ਟਰੈਕਟਰ ਚੋਰੀ ਹੋ ਗਿਆ ਹੈ। ਸ਼ਿਕਾਇਤਕਰਤਾ ਅਸ਼ੀਸ਼ ਗਰਗ ਅਨੁਸਾਰ ਉਸ ਦੇ ਦੋਸਤ ਨੇ ਫ਼ੋਨ ’ਤੇ ਜਾਣਕਾਰੀ ਦਿੱਤੀ ਕਿ ਏਜੰਸੀ ਦੇ ਸ਼ਟਰ ਤੋੜ ਦਿੱਤੇ ਗਏ ਹਨ। ਮੌਕੇ ‘ਤੇ ਪਹੁੰਚ ਕੇ ਪਤਾ ਲੱਗਾ ਕਿ ਸ਼ਟਰ ਤੋੜ ਕੇ ਚੋਰ ਨਵਾਂ ਸੋਨਾਲੀਕਾ ਟਰੈਕਟਰ ਚੋਰੀ ਕਰ ਕੇ ਲੈ ਗਏ ਹਨ।