ਗਗਨਦੀਪ ਅਰੋੜਾ
ਲੁਧਿਆਣਾ, 3 ਅਪਰੈਲ
ਪੁਲੀਸ ਲਾਈਨ ਵਿਚ ਅੱਜ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਨਵੀਆਂ ਸੜਕਾਂ ਬਣਾਉਣ ਦਾ ਨੀਂਹ ਪੱਥਰ ਰੱਖਿਆ। 1.39 ਕਰੋੜ ਰੁਪਏ ਦੀ ਲਾਗਤ ਨਾਲ ਪੁਲੀਸ ਲਾਈਨ ਦੀਆਂ ਸਾਰੀਆਂ ਸੜਕਾਂ ਦਾ ਪੁਨਰ-ਨਿਰਮਾਣ ਕੀਤਾ ਜਾਵੇਗਾ ਅਤੇ ਇਨ੍ਹਾਂ ਸੜਕਾਂ ਦੇ ਨਾਲ-ਨਾਲ ਇੰਟਰਲੌਕਿੰਗ ਟਾਈਲਾਂ ਵੀ ਲਗਾਈਆਂ ਜਾਣਗੀਆਂ। ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਲੁਧਿਆਣਾ ਪੁਲੀਸ ਨੇ ਸ਼ਹਿਰ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਲਈ ਹਮੇਸ਼ਾਂ ਸਖ਼ਤ ਮਿਹਨਤ ਕੀਤੀ ਹੈ ਅਤੇ ਪਿਛਲੇ ਸਾਲ ਲੌਕਡਾਊਨ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਅਤੇ ਭੋਜਨ ਦੇ ਪੈਕਟ ਵੰਡਣ ਲਈ ਵੀ ਮੂਹਰਲੀ ਕਤਾਰ ਵਿੱਚ ਡਟੇ ਰਹੇ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ, ਪੁਲੀਸ ਲਾਈਨਜ਼ ਲੁਧਿਆਣਾ ਵਿੱਚ ਰਹਿੰਦੇ ਹਨ, ਜਿੱਥੇ ਸਾਰੀਆਂ ਸੜਕਾਂ ਦੇ ਪੁਨਰ-ਨਿਰਮਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਨਿਸ਼ਚਿਤ ਕਰਨ ਲਈ ਕਿ ਪੁਲੀਸ ਲਾਈਨਜ਼ ਲੁਧਿਆਣਾ ਵਿਚ ਸੜਕਾਂ ਦੇ ਕਿਨਾਰੇ ਪਾਣੀ ਖੜ੍ਹਾ ਨਾ ਹੋਵੇ, ਪਾਣੀ ਦੇ ਰੀਚਾਰਜ ਵਾਲੀਆਂ ਖੂਹੀਆਂ ਅਤੇ ਇੰਟਰਲੌਕਿੰਗ ਟਾਈਲਾਂ ਵੀ ਲਗਾਈਆਂ ਜਾਣਗੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਪ੍ਰਾਜੈਕਟ ਜਲਦ ਤੋਂ ਜਲਦ ਪੂਰਾ ਕਰ ਲਿਆ ਜਾਵੇਗਾ।
ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕੈਬਿਨਟ ਮੰਤਰੀ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਨਗਰ ਨਿਗਮ ਲੁਧਿਆਣਾ ਨੂੰ ਸ਼ਹਿਰ ਵਿੱਚ 6 ਏਕੜ ਜ਼ਮੀਨ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦੇਣ ਤਾਂ ਜੋ ਉਥੇ ਇੱਕ ਨਵੀਂ ਪੁਲੀਸ ਲਾਈਨ ਵਿਕਸਤ ਕੀਤੀ ਜਾ ਸਕੇ। ਮੇਅਰ ਬਲਕਾਰ ਸਿੰਘ ਸੰਧੂ ਨੇ ਇਸ ਮੰਗ ਨੂੰ ਪੂਰਾ ਕਰਨ ਲਈ ਪੁਲੀਸ ਕਮਿਸ਼ਨਰ ਨੂੰ ਭਰੋਸਾ ਦਿੱਤਾ। ਨਗਰ ਨਿਗਮ ਕੌਂਸਲਰ ਸੰਨੀ ਭੱਲਾ ਨੇ ਭਰੋਸਾ ਦਿਵਾਇਆ ਕਿ ਪੁਲੀਸ ਲਾਈਨ ਵਿੱਚ ਉੱਚ ਗੁਣਵੱਤਾ ਦਾ ਕੰਮ ਕੀਤਾ ਜਾਵੇਗਾ।