ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 19 ਅਪਰੈਲ
ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੀਂ ਕਾਂਗਰਸ ਖੜ੍ਹੀ ਕਰਨ ਦਾ ਸੱਦਾ ਦਿੱਤਾ ਹੈ। ਇਸ ਲਈ ਉਨ੍ਹਾਂ ਹਰ ਹਲਕੇ ’ਚ ਟਕਸਾਲੀ ਕਾਂਗਰਸੀ ਤੇ ਆਮ ਵਰਕਰਾਂ ਕੋਲ ਜਾ ਕੇ ਉਨ੍ਹਾਂ ਦੀ ਸੁਣਵਾਈ ਕਰਨ ਦੀ ਗੱਲ ਆਖੀ ਹੈ। ਮਿੱਥੇ ਸਮੇਂ ਤੋਂ ਪੌਣੇ ਦੋ ਘੰਟੇ ਦੀ ਦੇਰੀ ਨਾਲ ਜਗਰਾਉਂ ਪਹੁੰਚੇ ਰਾਜਾ ਵੜਿੰਗ ਨੇ ਕਿਹਾ ਕਿ ਹੁਣ ਵਰਕਰਾਂ ਦੇ ਕਹੇ ਅਨੁਸਾਰ ਪਾਰਟੀ ਚੱਲੇਗੀ। ਉਨ੍ਹਾਂ 22 ਅਪਰੈਲ ਨੂੰ ਸਾਦੇ ਢੰਗ ਨਾਲ ਪ੍ਰਧਾਨਗੀ ਸੰਭਾਲਣ ਮਗਰੋਂ ਹਾਰ ਦੇ ਕਾਰਨਾਂ ਨੂੰ ਜਾਣਨ ਲਈ ਮੰਥਨ ਦੀ ਵੀ ਗੱਲ ਆਖੀ। ਇਸ ਸਮੇਂ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਵੀ ਉਨ੍ਹਾਂ ਦੇ ਨਾਲ ਸਨ। ਜ਼ਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ ਦੀ ਅਗਵਾਈ ’ਚ ਰੱਖੇ ਪ੍ਰੋਗਰਾਮ ’ਚ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਇਕ ਮਹੀਨੇ ਅੰਦਰ ਪੰਜਾਬ ’ਚ 26 ਕਤਲ ਹੋਏ ਹਨ ਇਸ ਲਈ ਅਰਵਿੰਦ ਕੇਜਰੀਵਾਲ ਨੂੰ ‘ਸ਼ਾਂਤੀ ਮਾਰਚ’ ਪੰਜਾਬ ’ਚ ਕੱਢਣਾ ਚਾਹੀਦਾ ਹੈ ਜਦਕਿ ਉਹ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਅਜਿਹੇ ਡਰਾਮੇ ਉਥੇ ਕਰ ਰਹੇ ਹਨ। ਇਸ ਮੌਕੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਚੇਅਰਮੈਨ ਰਮਨ ਸੁਬਰਾਮਨੀਅਮ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਕਾ. ਰਵਿੰਦਰਪਾਲ ਰਾਜੂ ਤੇ ਕੌਂਸਲਰ ਸਤਿੰਦਰਜੀਤ ਤਤਲਾ ਆਦਿ ਮੌਜੂਦ ਸਨ।
ਰਾਜਾ ਵੜਿੰਗ ਵੱਲੋਂ ਰਾਏਕੋਟ ਵਿੱਚ ਆਗੂਆਂ ਨਾਲ ਮੀਟਿੰਗ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਹਲਕੇ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ’ਚ ਹੋਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਉਸ ਨੂੰ ਪੂਰਾ ਕਰਦੇ ਹੋਏ ਸੂਬੇ ਵਿੱਚ ਨਵੀਂ ਕਾਂਗਰਸ ਸਿਰਜਣ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਅਸਲ ਤਾਕਤ ਉਸ ਦੇ ਵਰਕਰ ਹੀ ਹੁੰਦੇ ਹਨ। ਇਸ ਮੌਕੇ ਉਨ੍ਹਾਂ ’ਆਪ’ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਰਕਾਰ ਨੇ ਸਿਰਫ਼ ਐਲਾਨ ਹੀ ਕੀਤੇ ਹਨ, ਹੋਰ ਕੁਝ ਨਹੀਂ ਕੀਤਾ। ਅਖੀਰ ਵਿੱਚ ਕਾਮਿਲ ਬੋਪਾਰਾਏ ਨੇ ਪ੍ਰਧਾਨ ਰਾਜਾ ਵੜਿੰਗ ਅਤੇ ਭਾਰਤ ਭੂਸ਼ਨ ਆਸ਼ੂ ਦਾ ਸਨਮਾਨ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਸਰਪੰਚ ਗੁਰਚਰਨ ਸਿੰਘ, ਸਰਪੰਚ ਜਸਪ੍ਰੀਤ ਸਿੰਘ, ਸਰਪੰਚ ਪਰਮਜੀਤ ਸਿੰਘ ਟੂਸਾ, ਸਰਬਜੀਤ ਸਿੰਘ ਸਰਪੰਚ, ਕੇਵਲ ਸਿੰਘ ਸਰਪੰਚ, ਸਰਪੰਚ ਮਨਜੀਤ ਸਿੰਘ ਤੁਗਲ, ਮੇਜਰ ਸਿੰਘ ਧੂਰਕੋਟ ਸਰਪੰਚ, ਸੰਦੀਪ ਸਿੰਘ ਸਿੱਧੂ ਤੇ ਆਦਿ ਹਾਜ਼ਰ ਸਨ।