ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 3 ਅਗਸਤ
ਪਿੰਡ ਬੋਪਾਰਾਏ ਕਲਾਂ ਦੇ 80 ਸਾਲਾ ਬਜ਼ੁਰਗ ਬੰਤਾ ਸਿੰਘ ਨਾਲ ਉਸ ਦੇ ਸਕੇ ਭਤੀਜੇ ਗੁਰਪ੍ਰੀਤ ਸਿੰਘ ਅਤੇ ਭਤੀਜ ਨੂੰਹ ਭੁਪਿੰਦਰ ਕੌਰ ਵੱਲੋਂ 30 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਥਾਣਾ ਸੁਧਾਰ ਦੀ ਪੁਲੀਸ ਨੇ ਕੇਸ ਦਰਜ ਕੀਤਾ ਗਿਆ ਹੈ। ਉਪ ਪੁਲੀਸ ਕਪਤਾਨ ਦਾਖਾ ਜਸ਼ਨਦੀਪ ਸਿੰਘ ਗਿੱਲ ਵੱਲੋਂ ਬਜ਼ੁਰਗ ਬੰਤਾ ਸਿੰਘ ਦੀ ਸ਼ਿਕਾਇਤ ਦੀ ਪੜਤਾਲ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਦੇ ਹੁਕਮਾਂ ’ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਫ਼ਸਰ ਸਬ-ਇੰਸਪੈਕਟਰ ਪਿਆਰਾ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ। ਬੋਪਾਰਾਏ ਕਲਾਂ ਵਾਸੀ ਬੰਤਾ ਸਿੰਘ ਨੇ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਸ ਨੇ ਕੁਝ ਅਰਸਾ ਪਹਿਲਾਂ ਆਪਣੀ ਇਕ ਏਕੜ ਜ਼ਮੀਨ ਵੇਚੀ ਸੀ, ਜਿਸ ਦੀ ਰਕਮ 30 ਲੱਖ ਤੋਂ ਵੱਧ ਉਸ ਨੇ ਬੈਂਕ ਵਿੱਚ ਜਮ੍ਹਾਂ ਕਰਵਾਈ, ਜਿਸ ਬਾਰੇ ਉਸ ਦੇ ਭਤੀਜੇ ਤੇ ਭਤੀਜ ਨੂੰਹ ਨੂੰ ਪਤਾ ਸੀ। ਉਨ੍ਹਾਂ ਕਿਹਾ ਕਿ ਭਤੀਜ ਨੂੰਹ ਭੁਪਿੰਦਰ ਕੌਰ ਨੇ ਉਸ ਕੋਲੋਂ ਤਿੰਨ ਲੱਖ ਰੁਪਏ ਉਧਾਰੇ ਮੰਗੇ ਪਰ ਬੈਂਕ ਵਿੱਚ ਚੈੱਕ ’ਤੇ ਦਸਤਖ਼ਤ ਕਰਾਉਣ ਮਗਰੋਂ ਉਨ੍ਹਾਂ ਉਸ ਦੇ ਖਾਤੇ ਵਿੱਚੋਂ 30 ਲੱਖ ਰੁਪਏ ਆਪਣੇ ਖਾਤੇ ਵਿਚ ਤਬਦੀਲ ਕਰਵਾ ਲਏ। ਪੁਲੀਸ ਨੇ ਪੀੜਤ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ।