ਪੱਤਰ ਪ੍ਰੇਰਕ
ਮਾਛੀਵਾੜਾ, 19 ਅਕਤੂਬਰ
ਸਥਾਨਕ ਪੁਲੀਸ ਥਾਣਾ ਮੁਖੀ ਡੀਐੱਸਪੀ ਮਾਨਵਜੀਤ ਸਿੱਧੂ ਨੇ ਕਿਹਾ ਕਿ ਤਿਉਹਾਰਾਂ ਕਾਰਨ ਬਾਜ਼ਾਰਾਂ ਵਿਚ ਕਾਫ਼ੀ ਰੌਣਕ ਰਹਿੰਦੀ ਹੈ ਅਤੇ ਇਸੇ ਆੜ ਹੇਠ ਸ਼ਰਾਰਤੀ ਅਨਸਰ ਵੀ ਮਾੜੀਆਂ ਹਰਕਤਾਂ ਦੀ ਤਾਕ ’ਚ ਰਹਿੰਦੇ ਹਨ ਜਿਨ੍ਹਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਾਛੀਵਾੜਾ ਪੁਲੀਸ ਵਲੋਂ ਇਲਾਕੇ ’ਚ ਅਮਨ, ਸ਼ਾਂਤੀ ਦੀ ਸਥਿਤੀ ਬਹਾਲ ਰੱਖਣ ਲਈ ਪੁਲੀਸ ਪਾਰਟੀਆਂ ਦਾ ਗਠਨ ਕਰ ਮੇਨ ਚੌਕਾਂ ਤੇ ਪ੍ਰਮੁੱਖ ਸੜਕਾਂ ’ਤੇ ਨਾਕਾਬੰਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਾਕਾਬੰਦੀ ਤੋਂ ਇਲਾਵਾ ਪੁਲੀਸ ਪਾਰਟੀਆਂ ਗਸ਼ਤ ਵੀ ਕਰਨਗੀਆਂ ਅਤੇ ਸ਼ਰਾਰਤੀ ਅਨਸਰਾਂ ਉੱਪਰ ਬਾਜ਼ ਅੱਖ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਸ਼ਿਕਾਇਤਾਂ ਆ ਰਹੀਆਂ ਹਨ ਕਿ ਮਾਛੀਵਾੜਾ ’ਚ ਕੁਝ ਮੋਟਰਸਾਈਕਲ ਸਵਾਰ ਪਟਾਕਿਆਂ ਵਾਲੇ ਸੈਲੰਸਰ ਲਗਾ ਕੇ ਘੁੰਮਦੇ ਹਨ ਜਿਨ੍ਹਾਂ ਉੱਪਰ ਵੀ ਜਲਦ ਸਖ਼ਤ ਕਾਰਵਾਈ ਕੀਤੀ ਜਾਵੇਗੀ।