ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 14 ਅਕਤੂਬਰ
ਲੁਧਿਆਣਾ-ਚੰਡੀਗੜ੍ਹ ਮਾਰਗ ’ਤੇ ਖਮਾਣੋਂ ਜਿੰਮੀ ਐਂਟਰਪ੍ਰਾਈਜ਼ਿਜ ਗੰਗਾ ਰਾਮ (ਭਾਰਤ ਪੈਟਰੋਲੀਅਮ ਪੈਟਰੋਲ ਪੰਪ) ਤੋਂ ਨੌਸਰਬਾਜ਼ ਲੰਘੀ ਰਾਤ 33 ਹਜ਼ਾਰ ਰੁਪਏ ਦੇ ਕਰੀਬ ਦਾ ਡੀਜ਼ਲ ਪੁਆ ਕੇ ਹੋਏ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਨੌਸਰਬਾਜ਼ ਬਰੀਜ਼ਾ ਗੱਡੀ ’ਚ ਆਏ ਜਿਨ੍ਹਾਂ ਨੇ ਆਪਣੀ ਗੱਡੀ ਦੀ ਡਿੱਗੀ ਅਤੇ ਸੀਟਾਂ ’ਤੇ ਪਲਾਸਟਿਕ ਦੀਆਂ ਕੈਨੀਆਂ ਰੱਖੀਆਂ ਹੋਈਆਂ ਸਨ। ਉਨ੍ਹਾਂ ਰਾਤ 9:48 ਮਿੰਟ ’ਤੇ ਪੰਪ ਦੇ ਕਰਿੰਦੇ ਰਾਕੇਸ਼ ਕੁਮਾਰ ਮਿਸ਼ਰਾ ਨੂੰ ਕਿਹਾ ਕਿ ਉਨ੍ਹਾਂ ਦਾ ਕੰਬਾਈਨਾਂ ਦਾ ਕੰਮ ਹੈ ਇਸ ਲਈ ਸਾਰੀਆਂ ਕੇਨੀਆਂ ਵਿੱਚ ਤੇਲ ਭਰ ਦੇਣ, ਉਨ੍ਹਾਂ ਦੋਵੇਂ ਨੌਜਵਾਨਾ ਨੇ 375 ਲਿਟਰ ਸਾਰੀਆਂ ਕੇਨੀਆਂ ’ਚ ਭਰਵਾ ਅਤੇ ਗੱਡੀ ਦੀ ਟੈਂਕੀ ਵੀ ਫੁੱਲ ਕਰਵਾ ਲਈ। ਰਾਕੇਸ਼ ਮਿਸ਼ਰਾ ਨੇ ਦੱਸਿਆ ਕਿ ਜਿਸ ਵਕਤ ਇਹ ਦੋਵੇਂ ਨੌਜਵਾਨ ਤੇਲ ਭਰਵਾ ਰਹੇ ਸਨ ਤਾਂ ਉਨ੍ਹਾਂ ਨੇ ਡੈਸ਼ਬੋਰਡ ’ਤੇ ਨੋਟਾਂ ਦੀਆਂ ਗੱਥੀਆਂ ਰੱਖੀਆਂ ਹੋਈਆਂ ਸਨ ਅਤੇ ਵਾਰ-ਵਾਰ ਪੈਟਰੋਲ ਪੰਪ ਦੇ ਮਾਲਕ ਗੰਗਾ ਰਾਮ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ ਸ਼ਰਮਾ ਦਾ ਨਾਮ ਲੈ ਰਹੇ ਸਨ ਜਿਸ ਵਕਤ ਤੇਲ ਪੂਰਾ ਹੋ ਗਿਆ ਤਾਂ ਉਨ੍ਹਾਂ ਪੈਸੇ ਦੇਣ ਦੀ ਬਜਾਏ ਗੱਡੀ ਦੀ ਸੈਲਫ ਮਾਰੀ ਤੇ ਗੱਡੀ ਤੇਜ਼ੀ ਨਾਲ ਸਮਰਾਲਾ ਦੀ ਤਰਫ਼ ਭਜਾ ਲਈ। ਇਸ ਮਗਰੋਂ ਪੰਪ ਦੇ ਕਰਿੰਦੇ ਰਾਕੇਸ਼ ਕੁਮਾਰ ਨੇ ਬਾਬੂ ਗੰਗਾ ਰਾਮ ਨੂੰ ਫੋਨ ਕੀਤਾ ਤਾਂ ਉਨ੍ਹਾਂ ਥਾਣਾ ਖਮਾਣੋਂ ਵਿੱਚ ਸੂਚਿਤ ਕੀਤਾ। ਇਸ ਮਗਰੋਂ ਥਾਣਾ ਖਮਾਣੋਂ ਦੇ ਮੁੱਖ ਅਫਸਰ ਸਬ ਇੰਸਪੈਕਟਰ ਬਲਬੀਰ ਸਿੰਘ ਤੇ ਥਾਣੇਦਾਰ ਤਰਨਜੀਤ ਸਿੰਘ ਸਮੇਤ ਪੁਲੀਸ ਪਾਰਟੀ ਪੈਟਰੋਲ ਪੰਪ ’ਤੇ ਪਹੁੰਚੀ ਜਿੱਥੇ ਉਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਇਕੱਤਰ ਕੀਤੀ।