ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਅਪਰੈਲ
ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇੱਕ ਰਾਸ਼ਟਰ ਪੱਧਰੀ ਵੈਬਿਨਾਰ ਕਰਵਾਇਆ। ਗੂਗਲ ਮੀਟ ’ਤੇ ਹੋਏ ਇਸ ਵੈਬਿਨਾਰ ਵਿੱਚ 100 ਤੋਂ ਵਧੇਰੇ ਪ੍ਰਤੀਯੋਗੀ ਸ਼ਾਮਿਲ ਹੋਏ। ਜਾਮੀਆ ਮਿਲੀਆ ਇਸਲਾਮੀਆ ਕੇਂਦਰੀ ਯੂਨੀਵਰਸਿਟੀ ਨਵੀਂ ਦਿੱਲੀ ਦੇ ਪ੍ਰੋ. ਉਸ਼ਿਵੰਦਰ ਕੌਰ ਪੋਪਲੀ ਇਸ ਵੈਬਿਨਾਰ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਪ੍ਰੋ. ਪੋਪਲੀ ਨੇ ਦੱਸਿਆ ਕਿ ਸਾਡੀ ਸਮਾਜਿਕ ਪਰਵਰਿਸ਼ ਹੀ ਸਾਡਾ ਲਿੰਗਿਕ ਵਿਹਾਰ ਨਿਰਧਾਰਤ ਕਰਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਸੱਭਿਆਚਾਰ ਅਤੇ ਸਮਾਜ ਵਿੱਚ ਲਿੰਗਿਕ ਅਸਾਵੇਂਪਣ ਦੀਆਂ ਜੜ੍ਹਾਂ ਪਈਆਂ ਹੁੰਦੀਆਂ ਹਨ। ਮੁੰਡਿਆਂ ਨੂੰ ਸਿੱਖਿਅਤ ਕਰਕੇ ਕੁੜੀਆਂ ਦੀ ਇੱਜ਼ਤ ਕਰਨ ਲਈ ਇੱਕ ਸਮਾਜਿਕ ਮਾਹੌਲ ਦੀ ਸਿਰਜਣਾ ਹੋ ਸਕਦੀ ਹੈ ਅਤੇ ਇਸ ਵਿੱਚ ਉੱਚ ਸੰਸਥਾਵਾਂ ਅਹਿਮ ਯੋਗਦਾਨ ਪਾ ਸਕਦੀਆਂ ਹਨ। ਡਾ. ਪੋਪਲੀ ਨੇ ਲਿੰਗਿਕ ਸਮਾਨਤਾ ਨੂੰ ਅੱਜ ਦੇ ਸਮੇਂ ਦੀ ਲੋੜ ਕਿਹਾ। ਉਨ੍ਹਾਂ ਕਿਹਾ ਕਿ 2005 ਤੋਂ ਦੇਸ਼ ਵਿੱਚ ਲਿੰਗਿਕ ਮੁੱਖ ਧਾਰਾ ਆਮ ਵਿਚਾਰਾਂ ਦਾ ਹਿੱਸਾ ਬਣੀ ਹੈ ਅਤੇ ਇਸ ਦਿਸ਼ਾ ਵਿੱਚ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ। ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਇਸ ਭਾਸ਼ਨ ਲਈ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ । ਡਾ. ਪ੍ਰੀਤੀ ਸ਼ਰਮਾ ਨੇ ਡਾ. ਪੋਪਲੀ ਲਈ ਧੰਨਵਾਦ ਦੇ ਸ਼ਬਦ ਕਹਿੰਦਿਆਂ ਇਸ ਭਾਸ਼ਨ ਨੂੰ ਬੇਹੱਦ ਮਹੱਤਵਪੂਰਨ ਕਰਾਰ ਦਿੱਤਾ।