ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਨਵੰਬਰ
ਇੱਥੇ ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੱਦੇ ’ਤੇ ਵੱਖ ਵੱਖ ਜੱਥੇਬੰਦੀਆਂ ਦੇ ਕਾਮਿਆਂ ਨੇ ਮੰਗਾਂ ਸਬੰਧੀ ਆਪਣੇ ਪਰਿਵਾਰਾਂ ਸਮੇਤ ਨੈਸ਼ਨਲ ਹਾਈਵੇਅ ਮੁਕੰਮਲ ਤੌਰ ’ਤੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਨਾਲ ਅਨੇਕਾਂ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਅਜੇ ਵੀ ਮੰਗਾਂ ਦਾ ਹੱਲ ਨਾ ਨਿਕਲਿਆ ਤਾਂ ਪਿੰਡਾਂ ਵਿਚ ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਮਜਬੂਰ ਹੋ ਕੇ ਮੁੜ ਹਾਈਵੇਅ ਜਾਮ ਕਰਨਾ ਪਵੇਗਾ। ਇਸ ਮੌਕੇ ਸ਼ੇਰ ਸਿੰਘ, ਕੁਲਦੀਪ ਸਿੰਘ, ਬਲਿਹਾਰ ਸਿੰਘ, ਮਹਿੰਦਰ ਸਿੰਘ, ਹਰਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਆਊਟਸੋਰਸ, ਇਨਲਿਸਟਮੈਂਟ, ਠੇਕੇਦਾਰਾਂ, ਕੰਪਨੀਆਂ, ਸੁਸਾਇਟੀਆਂ ਆਦਿ ਮੁਤਾਬਿਕ ਠੇਕਾ ਕਾਮੇ ਲੰਬੇ ਸਮੇਂ ਤੋਂ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਆ ਰਹੇ ਹਨ, ਨੂੰ ਰੈਗੂਲਰ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ ਅਤੇ ਪੱਕੀ ਭਰਤੀ ਕੀਤੀ ਜਾਵੇ ਆਦਿ। ਇਸ ਮੌਕੇ ਸੁਦਾਗਰ ਸਿੰਘ, ਇਕਬਾਲ ਸਿੰਘ, ਕੁਲਵੰਤ ਸਿੰਘ, ਮਲਕੀਤ ਸਿੰਘ, ਕੁਲਬੀਰ ਸਿੰਘ ਢਿੱਲੋਂ, ਕਰਮ ਸਿੰਘ, ਦਲਵੀਰ ਸਿੰਘ, ਜਸਵੀਰ ਕੌਰ, ਸੰਦੀਪ ਕੌਰ ਨੇ ਸੰਬਧਨ ਕੀਤਾ।