ਗੁਰਿੰਦਰ ਸਿੰਘ
ਲੁਧਿਆਣਾ, 8 ਅਪਰੈਲ
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ’ਚ ਰੋਜ਼ਾ ਰੱਖਣ ਵਾਲੇ ਸਾਰੇ ਕੈਦੀਆਂ ਨੂੰ ਜੇਲ੍ਹਾਂ ਵਿੱਚ ਖਾਸ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਭਰੋਸਾ ਮਜਲਿਸ ਅਹਿਰਾਰ ਇਸਲਾਮ ਵੱਲੋਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਨੂੰ ਮੁਲਾਕਾਤ ਦੌਰਾਨ ਦਿੱਤਾ, ਜੋ ਸ਼ਾਹੀ ਇਮਾਮ ਵੱਲੋਂ ਇਕ ਮੰਗ ਪੱਤਰ ਲੈ ਕੇ ਗਏ ਸਨ। ਸ੍ਰੀ ਰੰਧਾਵਾ ਨੇ ਮੌਕੇ ’ਤੇ ਹੀ ਜੇਲ੍ਹ ਵਿਭਾਗ ਦੇ ਏਡੀਜੀਪੀ ਪ੍ਰਵੀਨ ਕੁਮਾਰ ਨਾਲ ਰਮਜ਼ਾਨ ਦੇ ਮਹੀਨੇ ਵਿੱਚ ਸਾਰੇ ਪ੍ਰਬੰਧ ਕਰਨ ਲਈ ਗੱਲਬਾਤ ਕੀਤੀ ਅਤੇ ਜੇਲ੍ਹ ਵਿਭਾਗ ਨੂੰ ਹੁਕਮ ਜਾਰੀ ਕੀਤੇ ਕਿ ਰਮਜ਼ਾਨ ਦੇ ਮਹੀਨੇ ਵਿੱਚ ਕਿਸੇ ਵੀ ਮੁਸਲਿਮ ਬੰਦੀ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।