ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਮਾਰਚ
ਨਸ਼ਾ ਤਸਕਰਾਂ ਤੇ ਚੋਰਾਂ ਦੇ ਨਾਲ-ਨਾਲ ਲੁਟੇਰਿਆਂ ਨੂੰ ਕਾਬੂ ਕਰਕੇ ਆਪਣੀ ਪਿੱਠ ਥਾਪੜਨ ਵਾਲੀ ਸਨਅਤੀ ਸ਼ਹਿਰ ਦੀ ਪੁਲੀਸ ਕਿੰਨੀ ਤੇਜ਼ ਤਰਾਰ ਹੈ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਰਿਹਾ ਹੈ ਕਿ ਹੈਬੋਵਾਲ ਦੁਰਗਾਪੁਰੀ ਇਲਾਕੇ ’ਚ ਸਰਕਾਰੀ ਏਕੇ-47 ਨਾਲ ਔਰਤ ਦਾ ਕਤਲ ਕਰਨ ਵਾਲੇ ਮੁਲਾਜ਼ਮ ਦੇ ਕੋਲ ਹਥਿਆਰ ਕਿੱਥੋਂ ਆਇਆ, ਇਸਦਾ ਪਤਾ ਲਾਉਣ ਲਈ ਵੀ ਸਮਾਂ ਲੱਗ ਰਿਹਾ ਹੈ। ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਪੁਲੀਸ ਹੱਥ ਅਜਿਹਾ ਕੋਈ ਸਬੂਤ ਨਹੀਂ ਲੱਗਿਆ, ਜਿਸ ਤੋਂ ਪਤਾ ਲੱਗ ਸਕੇ ਕਿ ਪੰਜਾਬ ਪੁਲੀਸ ਦੇ ਹੈੱਡ ਕਾਂਸਟੇਬਲ ਸਿਮਰਨਜੀਤ ਸਿੰਘ ਕੋਲੋਂ ਹਥਿਆਰ ਕਿਵੇਂ ਪੁੱਜੇ। ਇਨ੍ਹਾਂ ਸਾਰਿਆਂ ਦਾ ਰਿਕਾਰਡ ਵੀ ਪੁਲੀਸ ਕੋਲ ਮੌਜੂਦ ਹੈ, ਪਰ ਫਿਰ ਵੀ ਪੁਲੀਸ ਨੂੰ ਇਹ ਪਤਾ ਲਾਉਣ ’ਚ ਸਮਾਂ ਲੱਗ ਰਿਹਾ ਹੈ। ਜਿਸ ਨਾਲ ਇੱਕ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਕਿਤੇ ਪੁਲੀਸ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ’ਚ ਤਾਂ ਨਹੀਂ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲੀਸ ਨੂੰ ਇਹ ਵੀ ਨਹੀਂ ਪਤਾ ਕਿ ਹਥਿਆਰ ਕਿਸਦੇ ਨਾਮ ’ਤੇ ਅਲਾਟ ਹੋਇਆ ਹੈ। ਸੂਤਰ ਦੱਸਦੇ ਹਨ ਕਿ ਸਿਮਰਨਜੀਤ ਸਿੰਘ ਸ਼ਹਿਰ ਦੇ ਇੱਕ ਕਾਂਗਰਸੀ ਆਗੂ ਦੇ ਪੁੱਤਰ ਨਾਲ ਆਰਜ਼ੀ ਤੌਰ ’ਤੇ ਗੰਨਮੈਨ ਤਾਇਨਾਤ ਸੀ, ਪਰ ਇਸ ਗੱਲ ਦੀ ਪੁਸ਼ਟੀ ਕੋਈ ਵੀ ਪੁਲੀਸ ਅਧਿਕਾਰੀ ਨਹੀਂ ਕਰ ਰਿਹਾ।
ਥਾਣਾ ਹੈਬੋਵਾਲ ਦੇ ਐੱਸਐੱਚਓ ਸਬ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਲੇ ਪਤਾ ਨਹੀਂ ਲੱਗ ਪਾਇਆ ਕਿ ਹਥਿਆਰ ਮੁਲਜ਼ਮ ਦੇ ਕੋਲ ਕਿੱਥੋਂ ਆਇਆ। ਉਨ੍ਹਾਂ ਕਿਹਾ ਕਿ ਹਥਿਆਰ ਕਿਸਦੇ ਨਾਮ ’ਤੇ ਅਲਾਟ ਹੋਇਆ ਹੈ, ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਉਨ੍ਹਾਂ ਤੋਂ ਰਿਕਾਰਡ ਪੁਲੀਸ ਦੇ ਕੋਲ ਹੋਣ ਦੇ ਬਾਵਜੂਦ ਕੁਝ ਪਤਾ ਨਹੀਂ ਲੱਗਣ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਲਿਖ਼ਤੀ ਤੌਰ ’ਤੇ ਹਰ ਰਿਕਾਰਡ ਲੈਣਾ ਪੈ ਰਿਹਾ ਹੈ, ਇਸ ਲਈ ਦੇਰੀ ਹੋ ਰਹੀ ਹੈ।