ਗਗਨਦੀਪ ਅਰੋੜਾ
ਲੁਧਿਆਣਾ, 14 ਜੁਲਾਈ
ਇਥੇ ਨਗਰ ਨਿਗਮ ਜਨਰਲ ਹਾਊਸ ਦੀ ਮੀਟਿੰਗ ਅੱਜ ਨਿਗਮ ਦੇ ਅਫ਼ਸਰਾਂ ’ਤੇ ਭਾਰੀ ਰਹੀ। ਗੁਰੂ ਨਾਨਕ ਦੇਵ ਭਵਨ ਵਿੱਚ ਦੋ ਘੰਟੇ ਚੱਲੀ ਮੀਟਿੰਗ ਵਿੱਚ ਸੱਤਾਧਾਰੀ ਕਾਂਗਰਸੀ ਕੌਂਸਲਰਾਂ ਨੇ ਹੀ ਅਫ਼ਸਰਾਂ ’ਤੇ ਸਹੀ ਕੰਮ ਨਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਤੋਂ ਇਲਾਵਾ ਵਿਰੋਧੀ ਕੌਂਸਲਰਾਂ ਨੇ ਵੀ ਨਿਗਮ ਅਫ਼ਸਰਾਂ ਖ਼ਿਲਾਫ਼ ਭੜਾਸ ਕੱਢਣ ਵਿੱਚ ਕੋਈ ਕਸਰ ਨਾ ਛੱਡੀ। ਕੌਂਸਲਰਾਂ ਦਾ ਸਾਫ਼ ਕਹਿਣਾ ਸੀ ਕਿ ਇਸ ਸਮੇਂ ਨਿਗਮ ’ਤੇ ਠੇਕੇਦਾਰ ਭਾਰੀ ਪੈ ਰਹੇ ਹਨ, ਜਿਨ੍ਹਾਂ ਦੇ ਸਾਹਮਣੇ ਨਿਗਮ ਅਫ਼ਸਰ ਗੂੰਗੇ ਬਣੇ ਬੈਠੇ ਹਨ। ਇਹੀ ਕਾਰਨ ਹੈ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਬਰੇਕ ਲੱਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨਿਗਮ ਅਫ਼ਸਰ ਵੀ ਠੇਕੇਦਾਰਾਂ ’ਤੇ ਕਾਰਵਾਈ ਕਰਨ ਤੋਂ ਭੱਜ ਰਹੇ ਹਨ। ਇਸ ਦੌਰਾਨ ਸ਼ਹਿਰ ’ਚ ਧੜੱਲੇ ਨਾਲ ਕੱਟੀਆਂ ਜਾ ਰਹੀਆਂ ਨਾਜਾਇਜ਼ ਕਲੋਨੀਆਂ ਦਾ ਮੁੱਦਾ ਵੀ ਗਰਮਾਇਆ ਰਿਹਾ। ਦੱਸਣਯੋਗ ਹੈ ਕਿ ਮੀਟਿੰਗ ਦੀ ਅਗਵਾਈ ਮੇਅਰ ਬਲਕਾਰ ਸਿੰਘ ਸੰਧੂ ਨੇ ਕੀਤੀ ਤੇ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਵੀ ਮੌਜੂਦ ਸਨ। ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਨੇ ਜਨਰਲ ਹਾਊਸ ਦੀ ਮੀਟਿੰਗ ’ਚ ਦੱਸਿਆ ਕਿ ਉਨ੍ਹਾਂ ਦੇ ਇਲਾਕੇ ’ਚ ਬੀਤੇ 6 ਮਹੀਨਿਆਂ ਦੌਰਾਨ 40 ਤੋਂ ਜ਼ਿਆਦਾ ਨਾਜਾਇਜ਼ ਕਲੋਨੀਆਂ ਕੱਟੀਆਂ ਜਾ ਚੁੱਕੀਆਂ ਹਨ। ਇਸ ਸਬੰਧ ’ਚ ਉਹ ਪਿਛਲੇਂ 2 ਸਾਲ ਤੋਂ ਸ਼ਿਕਾਇਤਾਂ ਕਰਦੇ ਆ ਰਹੇ ਹਨ, ਪਰ ਨਿਗਮ ਅਫ਼ਸਰ ਕੋਈ ਕਾਰਵਾਈ ਨਹੀਂ ਕਰ ਰਹੇ। ਨਾਜਾਇਜ਼ ਕਲੋਨੀ ਮਾਲਕ ਧੜੱਲੇ ਨਾਲ ਆਪਣੇ ਸੀਵਰੇਜ ਕੁਨੈਕਸ਼ਨ ਮੇਨ ਲਾਈਨ ਦੇ ਨਾਲ ਜੋੜ ਰਹੇ ਹਨ। ਇਸ ਪੂਰੀ ਖੇਡ ’ਚ ਨਿਗਮ ਅਫ਼ਸਰਾਂ ਦੀ ਮਿਲੀਭੁਗਤ ਹੈ। ਇਸ ਮੁੱਦੇ ’ਤੇ ਹੋਰ ਕੌਂਸਲਰਾਂ ਨੇ ਵੀ ਆਪਣੇ ਇਲਾਕਿਆਂ ’ਚ ਬਣੀਆਂ ਨਾਜਾਇਜ਼ ਕਲੋਨੀਆਂ ਦੀ ਗੱਲ ਹਾਊਸ ’ਚ ਰੱਖੀ। ਕੌਂਸਲਰਾਂ ਵੱਲੋਂ ਉਭਾਰੇ ਮੁੱਦਿਆਂ ’ਤੇ ਮੇਅਰ ਬਲਕਾਰ ਸੰਧੂ ਨੇ ਐਮਟੀਪੀ ਸੁਰਿੰਦਰ ਬਿੰਦਰਾ ਨੂੰ ਵੀਰਵਾਰ ਮੌਕੇ ’ਤੇ ਜਾਂਚ ਕਰਕੇ ਕਾਰਵਾਈ ਕਰਨ ਦੇ ਹੁਕਮ ਦਿੱਤੇ। ਉਧਰ, ਸ਼ਹਿਰ ’ਚ 125 ਗਜ ਤੱਕ ਸੀਵਰੇਜ ਪਾਣੀ ਮੁਆਫ਼ੀ ਦਾ ਮੁੱਦਾ ਵੀ ਚੁੱਕਿਆ ਗਿਆ, ਜਿਸ ਨੂੰ ਲੈ ਕੇ ਹਾਊਸ ਨੇ ਇਕੱਠੇ ਹੋ ਕੇ ਇਸ ਮਤੇ ਨੂੰ ਰੱਦ ਕਰਨ ਲਈ ਆਖਿਆ, ਅਖੀਰ ਵਿੱਚ ਕਾਫ਼ੀ ਰੌਲ-ਰੱਪੇ ਮਗਰੋਂ ਇਹ ਮਤਾ ਪਾਸ ਕਰ ਦਿੱਤਾ।
ਕੌਂਸਲਰਾਂ ਨੇ ਠੇਕੇਦਾਰਾਂ ਦੀ ਮਨਮਾਨੀ ਦਾ ਮੁੱਦਾ ਵੀ ਉਠਾਇਆ
ਕੌਂਸਲਰ ਮਮਤਾ ਆਸ਼ੂ ਨੇ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਮਨਮਾਨੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਲਾਕੇ ’ਚ ਇੱਕ ਠੇਕੇਦਾਰ ਨੇ ਕੰਮ ਲਿਆ ਸੀ, ਜ਼ਿਆਦਾ ਕੰਮ ਲੈਣ ਕਾਰਨ ਉਹ ਕੋਈ ਵੀ ਕੰਮ ਸਮੇਂ ’ਤੇ ਪੂਰਾ ਨਹੀਂ ਕਰ ਪਾ ਰਿਹਾ। ਉਨ੍ਹਾਂ ਦੇ ਇਲਾਕੇ ’ਚ ਕੰਮ ਨੂੰ ਰੱਦ ਕਰ ਦੁਬਾਰਾ ਟੈਂਡਰ ਕਰਨ ’ਚ 8 ਮਹੀਨੇ ਦਾ ਸਮਾਂ ਨਿਕਲ ਗਿਆ ਹੈ। ਇਸ ਦਾ ਸਿੱਧਾ ਅਸਰ ਆਮ ਲੋਕਾਂ ’ਤੇ ਪੈ ਰਿਹਾ ਹੈ। ਇਸ ਲਈ ਅਜਿਹੇ ਠੇਕੇਦਾਰਾਂ ਨੂੰ ਤੁਰੰਤ ਬਲੈਕ ਲਿਸਟ ਕਰਨਾ ਚਾਹੀਦਾ ਹੈ। ਇਸ ਮੁੱਦੇ ’ਤੇ ਹੋਰ ਕੌਂਸਲਰਾਂ ਨੇ ਠੇਕੇਦਾਰਾਂ ਨਾਲ ਸਬੰਧਤ ਸ਼ਿਕਾਇਤਾਂ ਹਾਊਸ ’ਚ ਰੱਖੀਆਂ।