ਪੱਤਰ ਪ੍ਰੇਰਕ
ਸਮਰਾਲਾ, 22 ਮਈ
ਪੈਨਸ਼ਨਰ ਐਸੋਸੀਏਸ਼ਨ ਪਾਵਰਕੌਮ ਮੰਡਲ ਸਮਰਾਲਾ ਦੀ ਪਹਿਲਕਦਮੀ ’ਤੇ ਵੱਖ-ਵੱਖ ਪੈਨਸ਼ਨਰਾਂ, ਮੁਲਾਜ਼ਮਾਂ ਅਤੇ ਠੇਕਾ ਕਾਮਿਆਂ ਦੀਆਂ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈ ਕੇ ਪੁਰਾਣੀ ਅਨਾਜ ਮੰਡੀ ਸਮਰਾਲਾ ਵਿੱਚ ਸਾਂਝਾ ਰੋਸ ਧਰਨਾ ਦੇ ਕੇ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਧਰਨੇ ਦੀ ਪ੍ਰਧਾਨਗੀ ਪੈਨਸ਼ਨਰ ਐਸੋਸੀਏਸ਼ਨ ਮੰਡਲ ਸਮਰਾਲਾ ਦੇ ਪ੍ਰਧਾਨ ਸਿੰਕਦਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਮੌਜੂਦਾ ਲੋਕ ਸਭਾ ਵੋਟਾਂ ਦੇ ਰਾਮ ਰੌਲੇ ਵਿਚ ਕਿਸੇ ਵੀ ਸਿਆਸੀ ਪਾਰਟੀ ਦੇ ਏਜੰਡੇ ’ਤੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਮਸਲੇ ਨਹੀਂ ਹਨ। ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਪਿਛਲੇ ਦੋ ਸਾਲਾਂ ਤੋਂ ਪੈਨਸ਼ਨਰਾਂ, ਮੁਲਾਜ਼ਮਾਂ ਅਤੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਕਾਰਨ ਪੈਨਸ਼ਨਰ ਅਤੇ ਮੁਲਾਜ਼ਮ ਵਰਗ ਵਿੱਚ ਰੋਸ ਪਾਇਆ ਜਾ ਰਿਹਾ ਹੈ। ਰੋਸ ਪ੍ਰਦਰਸ਼ਨ ਨੂੰ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਰਕਲ ਪ੍ਰਧਾਨ ਰੋਪੜ ਭਰਪੂਰ ਸਿੰਘ, ਪ੍ਰੇਮ ਸਿੰਘ, ਡੈਮੋਕ੍ਰੈਟਿਕ ਟੀਚਰ ਫਰੰਟ ਵੱਲੋਂ ਦਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਪੈਨਸ਼ਨ ਮਹਾਂ ਸੰਘ ਮਾਛੀਵਾੜਾ ਸਾਹਿਬ ਦੇ ਪ੍ਰਧਾਨ ਰਾਮ ਸਿੰਘ ਕਾਲੜਾ, ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਸੰਗਤ ਸਿੰਘ ਸੇਖੋਂ ਮੰਡਲ ਪ੍ਰਧਾਨ ਸਮਰਾਲਾ ਨੇ ਸੰਬੋਧਨ ਕੀਤਾ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਟ੍ਰਾਂਸਕੋ ਦੇ ਮੈਬਰਾਂ ਨੇ ਸਰਕਲ ਖੰਨਾ ਦਫ਼ਤਰ ਅੱਗੇ ਹਰਬੰਸ ਸਿੰਘ ਦੋਬੁਰਜੀ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ। ਇਸ ਮੌਕੇ ਪੈਨਸ਼ਨਰਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰਾਂ ਹੋਈਆਂ। ਇਸ ਮੌਕੇ ਇੰਦਰਜੀਤ ਸਿੰਘ ਅਕਾਲ ਅਤੇ ਗੁਰਸੇਵਕ ਸਿੰਘ ਮੋਹੀ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਹੱਲ ਨਹੀਂ ਹੁੰਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਰਾਜ ਸਿੰਘ ਬੱਲ, ਨਰਿੰਦਰ ਕੁਮਾਰ, ਰਕੇਸ਼ ਕੁਮਾਰ ਹਾਜ਼ਰ ਸਨ।