ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 17 ਸਤੰਬਰ
ਕੇਂਦਰ ਤੇ ਸੂਬਾ ਸਰਕਾਰ ਵਲੋਂ ਗਰੀਬ ਲੋਕਾਂ ਤੱਕ ਯੋਜਨਾਵਾਂ ਪਹੁੰਚਾਉਣ ਲਈ ਵੱਖ-ਵੱਖ ਕਾਰਡ ਬਣਾਏ ਜਾ ਰਹੇ ਹਨ, ਇਸ ਤਹਿਤ ਮਜ਼ਦੂਰੀ ਜਾਂ ਹੋਰ ਕਿੱਤੇ ਨਾਲ ਜੁੜੇ ਲੋਕਾਂ ਦਾ ਇੱਕ ਈ-ਮਜ਼ਦੂਰ ਕਾਰਡ ਬਣਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਲੋਕਾਂ ਦਾ ਈ-ਮਜ਼ਦੂਰ ਕਾਰਡ ਮੁਫ਼ਤ ਬਣਾਇਆ ਜਾ ਰਿਹਾ ਪਰ ਇਹ ਕਾਰਡ ਬਣਾਉਣ ਵਾਲੇ ਵਿਅਕਤੀ ਆਮ ਲੋਕਾਂ ਤੋਂ 100-100 ਰੁਪਏ ਵਸੂਲ ਰਹੇ ਹਨ। ਮਾਛੀਵਾੜਾ ਨੇੜਲੇ ਪਿੰਡ ਲੱਖੋਵਾਲ ਖੁਰਦ ਵਿੱਚ ਲੋਕਾਂ ਤੋਂ ਈ-ਮਜ਼ਦੂਰ ਕਾਰਡ ਬਣਾਉਣ ਬਦਲੇ 100-100 ਰੁਪਏ ਵਸੂਲੇ ਗਏ। ਇਸ ਸਬੰਧੀ ਜਦੋਂ ਕਾਰਡ ਬਣਾਉਣ ਵਾਲੇ ਵਿਅਕਤੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਤਾਂ ਇਹ ਕਾਰਡ ਮੁਫ਼ਤ ਬਣਾਏ ਜਾ ਰਹੇ ਹਨ ਪਰ ਉਹ ਕੰਮਕਾਰ ਛੱਡ ਕੇ ਲੋਕਾਂ ਦੇ ਕਾਰਡ ਬਣਾ ਰਹੇ ਹਨ, ਜਿਸ ਲਈ ਉਹ 100 ਰੁਪਏ ਪ੍ਰਤੀ ਵਿਅਕਤੀ ਵਸੂਲ ਰਹੇ ਹਨ। ਇਸ ਸਬੰਧੀ ਸੀਐੱਸਈ ਦੇ ਜ਼ਿਲ੍ਹਾ ਮੈਨੇਜਰ ਰਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਈ-ਮਜ਼ਦੂਰ ਕਾਰਡ ਸਰਕਾਰ ਵਲੋਂ ਮੁਫ਼ਤ ਬਣਾਏ ਜਾ ਰਹੇ ਹਨ ਅਤੇ ਜੋ ਵੀ ਪਿੰਡਾਂ ’ਚ ਜਾ ਕੇ ਪ੍ਰਾਈਵੇਟ ਵਿਅਕਤੀ ਕਾਰਡ ਬਣਾ ਰਹੇ ਹਨ, ਉਨ੍ਹਾਂ ਨੂੰ ਸਰਕਾਰ ਵਲੋਂ ਪ੍ਰਤੀ ਵਿਅਕਤੀ 16 ਰੁਪਏ ਅਦਾ ਕੀਤੇ ਜਾਂਦੇ ਹਨ। ਐੱਸ.ਡੀ.ਐੱਮ ਵਿਕਰਮਜੀਤ ਪਾਂਥੇ ਨੇ ਇਸ ਮਾਮਲੇ ਬਾਰੇ ਕਿਹਾ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਅਤੇ ਉਹ ਪੱਤਰਕਾਰਾਂ ਵਲੋਂ ਧਿਆਨ ਵਿਚ ਲਿਆਂਦੇ, ਇਸ ਮਾਮਲੇ ਦੀ ਜਾਂਚ ਕਰਵਾ ਲੋਕਾਂ ਦੀ ਲੁੱਟ ਬੰਦ ਕਰਵਾਉਣਗੇ।