ਪੱਤਰ ਪ੍ਰੇਰਕ
ਮਾਛੀਵਾੜਾ, 13 ਅਪਰੈਲ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਅੱਜ ਇੱਥੇ ਕਿਹਾ ਕਿ ਅੱਜ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਪ੍ਰਾਈਵੇਟ ਵਪਾਰੀਆਂ ਅਤੇ ਕਾਰਪੋਰੇਟ ਅਦਾਰਿਆਂ ਨੂੰ ਲੁਟਾਉਣ ਲਈ ਮੰਡੀਆਂ ਵਿਚ ਸਰਕਾਰੀ ਖਰੀਦ ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਗਰਮੀ ਮਾਰਚ ਮਹੀਨੇ ਵੱਧ ਪੈਣ ਕਾਰਨ ਝਾੜ ਘਟਿਆ ਹੈ ਅਤੇ ਜੋ ਮਾਝੂ ਦਾਣਾ ਹੈ ਉਹ ਤਾਂ ਢੇਰੀ ਦੀ ਸਫ਼ਾਈ ਮੌਕੇ ਜੋ ਪੱਖਾ ਲਾਇਆ ਜਾਂਦਾ ਹੈ ਉਸ ਨਾਲ ਨਿਕਲ ਜਾਂਦਾ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਹੀ ਇਹ ਪ੍ਰਚਾਰ ਕਰ ਰਹੀ ਹੈ ਕਿ ਦਾਣਾ ਮਾਝੂ ਹੈ ਜਦਕਿ ਦੂਜੇ ਪਾਸੇ ਕਾਰਪੋਰੇਟ ਅਦਾਰੇ, ਅੰਬਾਨੀਆਂ, ਅੰਡਾਨੀਆਂ ਦੇ ਗੋਦਾਮ ਕਿਸਾਨਾਂ ਕੋਲੋਂ ਇਹੀ ਕਣਕ ਧੜਾ-ਧੜ ਖਰੀਦ ਰਹੇ ਹਨ। ਇਸ ਦਾ ਸਬੂਤ ਇਨ੍ਹਾਂ ਗੋਦਾਮਾਂ ਅੱਗੇ ਪਿਛਲੇ ਕੁਝ ਦਿਨਾਂ ਤੋਂ ਕਿਸਾਨ ਦੀਆਂ ਲੱਗੀਆਂ ਲੰਬੀਆਂ ਕਤਾਰਾਂ ਹਨ। ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਮੋਰਚੇ ਦਾ ਕਿਸਾਨਾਂ ਤੋਂ ਬਦਲਾ ਲੈਣ ਲਈ ਹੀ ਇਹੋ ਜਿਹੇ ਨਾਦਰਸ਼ਾਹੀ ਫੁਰਮਾਨ ਜ਼ਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਹੋ ਜਿਹੀਆਂ ਕੋਝੀਆਂ ਚਾਲਾਂ ਚੱਲ ਕੇ ਪੰਜਾਬ ਦੇ ਕਿਸਾਨਾਂ ਨਾਲ ਕਿੜ ਨਾ ਕੱਢੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਦੇਸ਼ ਭੁੱਖਮਰੀ ਦਾ ਸ਼ਿਕਾਰ ਹੋ ਸਕਦਾ ਹੈ।