ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 27 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਡੇਹਲੋਂ ਵਿਚ ਜ਼ਿਲ੍ਹਾ ਆਗੂ ਟੀਮ ਦੀ ਮੀਟਿੰਗ ਹੋਈ। ਇਸ ਮੌਕੇ ਵਿਧਾਨ ਸਭਾ ਚੋਣਾਂ ਬਾਰੇ ਜਥੇਬੰਦੀ ਦੀ ਨੀਤੀ ਸਪੱਸ਼ਟ ਕਰਦਿਆਂ ਆਗੂਆਂ ਨੇ ਕਿਹਾ ਕਿ ਜਥੇਬੰਦੀ ਨਾ ਚੋਣਾਂ ਲੜੇਗੀ ਅਤੇ ਨਾ ਹੀ ਕਿਸੇ ਧਿਰ ਦੀ ਮਦਦ ਕਰੇਗੀ। ਉਨ੍ਹਾਂ ਆਪਣੀਆਂ ਮੰਗਾਂ ਮਨਵਾਉਣ ਲਈ ਅੰਦੋਲਨ ਤੇਜ਼ ਕਰਨ ਦਾ ਸੱਦਾ ਦਿੱਤਾ। ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਭਰੋਸੇ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ 13 ਮਹੀਨੇ ਤੋਂ ਚਲਦਾ ਸ਼ਾਂਤਮਈ ਕਿਸਾਨ ਅੰਦੋਲਨ ਮੁਲਤਵੀ ਕੀਤਾ ਸੀ ਪਰ ਹੁਣ ਮੋਦੀ ਹਕੂਮਤ ਪੈਰ ਪਿਛਾਂਹ ਖਿੱਚ ਕੇ ਵਿਸ਼ਵਾਸਘਾਤ ਕਰ ਰਹੀ ਹੈ। 31 ਜਨਵਰੀ ਨੂੰ ਸਰਕਾਰ ਦੇ ਇਸ ਵਿਸ਼ਵਾਸਘਾਤ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ਉੱਪਰ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਇਕ ਮਤੇ ਰਾਹੀਂ ਕਿਸਾਨ ਆਗੂਆਂ ਅਤੇ ਵਰਕਰਾਂ ਦਾ ਅਕਸ ਖ਼ਰਾਬ ਕਰਨ ਲਈ ਉਨ੍ਹਾਂ ਵਿਰੁੱਧ ਦਰਜ ਕੀਤੇ ਜ਼ਾਬਤਾ ਫ਼ੌਜਦਾਰੀ ਦੇ ਕੇਸਾਂ ਦੀ ਨਿੰਦਾ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਕਿਸਾਨਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 4 ਫਰਵਰੀ ਨੂੰ ਪਾਇਲ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ।