ਸੰਤੋਖ ਸਿੰਘ ਗਿੱਲ
ਰਾਏਕੋਟ, 22 ਸਤੰਬਰ
ਕਿਰਤੀ ਕਿਸਾਨ ਯੂਨੀਅਨ ਪਿੰਡ ਅੱਚਰਵਾਲ ਦੇ ਔਰਤਾਂ ਦੇ ਦਸਤੇ ਦੀ ਨਵੀਂ ਚੁਣੀ ਪ੍ਰਧਾਨ ਚਰਨਜੀਤ ਕੌਰ ਨੇ ਔਰਤਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ਉੱਪਰ 13 ਮਹੀਨੇ ਤੋਂ ਜ਼ਿਆਦਾ ਸਮਾਂ ਚੱਲੇ ਘੋਲ ਵਿੱਚ ਜੇਕਰ ਕਿਸਾਨ-ਮਜ਼ਦੂਰ ਔਰਤਾਂ ਮੋਰਚੇ ਦੌਰਾਨ ਆਪਣੇ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਨਾ ਲੜਦੀਆਂ ਤਾਂ ਹੈਂਕੜਬਾਜ਼ ਮੋਦੀ ਹਕੂਮਤ ਨੂੰ ਝੁਕਾਉਣਾ ਆਸਾਨ ਨਹੀਂ ਸੀ। ਇਸ ਘੋਲ ਤੋਂ ਮਿਲੇ ਸਬਕ ਨਾਲ ਹੀ ਹੁਣ ਕਿਰਤੀ ਕਿਸਾਨ ਯੂਨੀਅਨ ਨੇ ਪਿੰਡਾਂ ਵਿੱਚ ਔਰਤਾਂ ਦੀ ਲਾਮਬੰਦੀ ਦਾ ਬੀੜਾ ਚੁੱਕਿਆ ਹੈ।
ਪਿੰਡ ਅੱਚਰਵਾਲ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਔਰਤਾਂ ਦੇ ਦਸਤੇ ਦਾ ਗਠਨ ਕਰ ਕੇ ਸਰਬਸੰਮਤੀ ਨਾਲ ਚਰਨਜੀਤ ਕੌਰ ਪ੍ਰਧਾਨ, ਅਮਨਦੀਪ ਕੌਰ ਸੈਕਟਰੀ, ਹਰਦੀਪ ਕੌਰ ਮੀਤ ਪ੍ਰਧਾਨ, ਕੁਲਦੀਪ ਕੌਰ ਪ੍ਰੈੱਸ ਸਕੱਤਰ ਅਤੇ ਸੁਖਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ ਚੁਣ ਲਈਆਂ ਗਈਆਂ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ ਨੇ ਕਿਹਾ ਕਿ ਚੰਡੀਗੜ੍ਹ ਮੋਰਚੇ ਦੀ ਤਿਆਰੀ ਲਈ ਪਿੰਡਾਂ ਲਾਮਬੰਦੀ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੋਰਚੇ ਦੀ ਤਿਆਰੀ ਲਈ 21 ਮੈਂਬਰੀ ਕਮੇਟੀ ਬਣਾਈ ਗਈ ਹੈ। ਅਹੁਦੇਦਾਰਾਂ ਤੋਂ ਇਲਾਵਾ ਪਰਮਜੀਤ ਕੌਰ, ਹਰਬੰਸ ਕੌਰ, ਦਲਜੀਤ ਕੌਰ, ਮਨਪ੍ਰੀਤ ਕੌਰ, ਗੁਰਮੇਲ ਕੌਰ, ਬਲਵੀਰ ਕੌਰ ਸਮੇਤ ਹੋਰ ਵੀ ਕਮੇਟੀ ਮੈਂਬਰ ਚੁਣੀਆਂ ਗਈਆਂ ਹਨ।