ਸੰਤੋਖ ਗਿੱਲ
ਰਾਏਕੋਟ, 24 ਜੁਲਾਈ
ਤਹਿਸੀਲ ਰਾਏਕੋਟ ਦੀਆਂ ਸੀਟੂ ਨਾਲ ਸਬੰਧਿਤ ਵੱਖ-ਵੱਖ ਮਜ਼ਦੂਰ ਯੂਨੀਅਨਾਂ ਦੇ ਪ੍ਰਤੀਨਿਧਾਂ ਦੀ ਆਮ ਸਭਾ ਨੂੰ ਸੰਬੋਧਨ ਕਰਦਿਆਂ ਪੰਜਾਬ ਸੀਟੂ ਦੇ ਸੂਬਾ ਸਕੱਤਰ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦਿਆਂ ਕਿਰਤ ਕਾਨੂੰਨਾਂ ਦਾ ਭੋਗ ਪਾ ਕੇ ਚਾਰ ਲੇਬਰ ਕੋਡ ਬਣਾ ਕੇ ਕਿਰਤੀਆਂ ਤੋਂ ਸਮਾਜਿਕ ਸੁਰੱਖਿਆ ਅਤੇ ਰੁਜ਼ਗਾਰ ਦੇ ਹੱਕ ਖੋਹੇ ਜਾ ਰਹੇ ਹਨ। ਮਜ਼ਦੂਰ ਆਗੂ ਨੇ ਕਿਹਾ ਕਿ ਸੀਟੂ ਦੀ ਕਾਰਜਕਾਰਨੀ ਨੇ ਹਰ ਪਿੰਡ-ਸ਼ਹਿਰ ਵਿੱਚ 1 ਤੋਂ 14 ਅਗਸਤ ਤੱਕ ਸਰਕਾਰ ਦੀਆ ਲੋਕ ਵਿਰੋਧੀ, ਸੰਵਿਧਾਨ ਵਿਰੋਧੀ ਅਤੇ ਫ਼ਿਰਕਾਪ੍ਰਸਤ ਨੀਤੀਆਂ ਨੂੰ ਹਰਾਉਣ ਲਈ ਲਾਮਬੰਦੀ ਕਰ ਕੇ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਹੈ।
ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਵਧ ਰਹੀ ਮਹਿੰਗਾਈ ਅਤੇ ਖ਼ੁਰਾਕੀ ਵਸਤਾਂ ਉੱਪਰ ਅਣਕਿਆਸੇ ਟੈਕਸ ਲਾ ਕੇ ਲੋਕਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਾਰਪੋਰੇਟ ਘਰਾਣਿਆਂ ਦਾ ਜ਼ਮੀਨਾਂ ’ਤੇ ਕਬਜ਼ਾ ਕਰਾਉਣ ਲਈ ਮੋਦੀ ਸਰਕਾਰ ਨੇ ਤਿੰਨ ਕਾਲੇ ਖੇਤੀ ਕਾਨੂੰਨ ਬਣਾਏ ਜੋ ਕਿਸਾਨਾਂ-ਮਜ਼ਦੂਰਾਂ ਨੇ ਸਾਂਝੇ ਸੰਘਰਸ਼ ਨਾਲ ਵਾਪਸ ਕਰਵਾਏ ਗਏ ਹਨ। ਸੀਟੂ ਆਗੂ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਅਤੇ ਸੰਵਿਧਾਨ ਦੀ ਰਾਖੀ ਲਈ ਮੁਹਿੰਮ ਲਾਮਬੰਦ ਕੀਤੀ ਜਾਵੇਗੀ। ਪੰਜ ਸਤੰਬਰ ਨੂੰ ਦਿੱਲੀ ਵਿੱਚ ਟਰੇਡ ਯੂਨੀਅਨਾਂ ਦੀ ਕਨਵੈਨਸ਼ਨ ਵਿਚ ਰਾਏਕੋਟ ਤੋਂ ਸੀਟੂ ਦੇ ਸੌ ਪ੍ਰਤੀਨਿਧ ਭਾਗ ਲੈਣਗੇ।
ਚਮਕੌਰ ਸਿੰਘ ਨੂਰਪੁਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਮਨਰੇਗਾ ਵਰਕਰ ਯੂਨੀਅਨ, ਲਾਲ ਝੰਡਾ ਭਵਨ ਨਿਰਮਾਣ ਵਰਕਰ ਯੂਨੀਅਨ, ਰੇਹੜੀ-ਫੜ੍ਹੀ ਵਰਕਰ ਯੂਨੀਅਨ, ਟਾਈਪਿਸਟ ਯੂਨੀਅਨ, ਲਾਲ ਝੰਡਾ ਪੇਂਡੂ ਚੌਕੀਦਾਰ ਦੇ ਆਗੂਆਂ ਨੇ ਭਾਗ ਲਿਆ। ਪ੍ਰਕਾਸ਼ ਸਿੰਘ ਬਰ੍ਹਮੀ, ਰਾਜਜਸਵੰਤ ਸਿੰਘ ਤਲਵੰਡੀ, ਪ੍ਰਿਤਪਾਲ ਸਿੰਘ ਬਿੱਟਾ ਤੇ ਰੁਲਦਾ ਸਿੰਘ ਨੇ ਵੀ ਸੰਬੋਧਨ ਕੀਤਾ।