ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਮਈ
ਸਨਅਤੀ ਸ਼ਹਿਰ ਵਿੱਚ ਲਗਾਤਾਰ ਨਸ਼ੇ ਦੇ ਮੁੱਦੇ ’ਤੇ ਲੋਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸੇ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਮਨਜੀਤ ਸਿੰਘ ਨਗਰ ਇਲਾਕੇ ਵਿੱਚ ਦੌਰਾ ਕਰਨ ਪੁੱਜੇ। ਇੱਥੇ ਵਿਧਾਇਕ ਨੂੰ ਨਸ਼ਾ ਵਿਕਣ ਦੇ ਬਾਰੇ ਲੋਕ ਸ਼ਿਕਾਇਤਾਂ ਕਰ ਰਹੇ ਸਨ। ਉਨ੍ਹਾਂ ਨੇ ਇੱਥੇ ਪੁਲੀਸ ਦੇ ਮੁਲਾਜ਼ਮਾਂ ਦੇ ਨਾਲ ਕਈ ਥਾਵਾਂ ’ਤੇ ਚੈਕਿੰਗ ਵੀ ਕੀਤੀ ਤੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ। ਮਨਜੀਤ ਨਗਰ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਵਿੱਚ ਨਸ਼ੇ ਦੇ ਮੁੱਦੇ ’ਤੇ ਲੋਕਾਂ ਦੀ ਵੀਡੀਓ ਵਾਇਰਲ ਹੋ ਰਹੀ ਸੀ। ਇਸ ਤੋਂ ਬਾਅਦ ਇਹ ਵੀਡੀਓ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਕੋਲ ਪੁੱਜੀ ਸੀ। ਜਿਸ ਤੋਂ ਬਾਅਦ ਅੱਜ ਵਿਧਾਇਕ ਸਿੱਧੂ ਪੰਜ ਪੁਲੀਸ ਥਾਣਿਆਂ ਦੀ ਪੁਲੀਸ ਨੂੰ ਨਾਲ ਲੈ ਕੇ ਮਨਜੀਤ ਨਗਰ ਇਲਾਕੇ ਵਿੱਚ ਪੁੱਜੇ। ਕੁਲਵੰਤ ਸਿੱਧੂ ਨੇ ਕਿਹਾ ਕਿ ਇੱਥੋਂ ਦੀ ਇੱਕ ਗੋਗੀ ਭੈਣ ਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ। ਇਸ ਵਿੱਚ ਉਸ ਨੇ ਦੋਸ਼ ਲਗਾਏ ਸੀ ਕਿ ਇਸ ਇਲਾਕੇ ਵਿੱਚ ਨਸ਼ਾ ਵਿਕਦਾ ਹੈ। ਇਸ ਮੁਹੱਲੇ ਵਿੱਚ 32 ਨੌਜਵਾਨ ਨਸ਼ੇ ਦੇ ਕਾਰਨ ਆਪਣੀ ਜ਼ਿੰਦਗੀ ਗਵਾ ਚੁੱਕੇ ਹਨ। ਉਨ੍ਹਾਂ ਨੇ ਸਭ ਨੂੰ ਆਪਣਾ ਤੇ ਪੁਲੀਸ ਅਧਿਕਾਰੀਆਂ ਦਾ ਨੰਬਰ ਦੇ ਦਿੱਤਾ ਹੈ। ਜੇ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।