ਨਿੱਜੀ ਪੱਤਰ ਪ੍ਰੇਰਕ
ਖੰਨਾ, 1 ਅਪਰੈਲ
ਸ਼ਹਿਰ ਦੇ ਰੇਲਵੇ ਲਾਈਨੋਂ ਪਾਰ ਇਲਾਕੇ ਵਿਚ ਜਿੱਥੇ ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ, ਉਥੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਅੱਜ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਕੌਂਸਲ ਦੇ ਈਓ ਤੇ ਅਧਿਕਾਰੀਆਂ ਦੀ ਟੀਮ ਨਾਲ ਪੁੱਜੇ। ਵਿਧਾਇਕ ਸੌਂਦ ਨੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮੈਨੂੰ ਚੁਣਿਆ ਹੈ ਤਾਂ ਮੇਰਾ ਪਹਿਲਾ ਫਰਜ਼ ਬਣਦਾ ਹੈ ਕਿ ਗਲੀਆਂ ਵਿਚ ਘੁੰਮ ਕੇ ਮਸਲੇ ਹੱਲ ਕਰਵਾਏ ਜਾਣ। ਈਓ ਚਰਨਜੀਤ ਸਿੰਘ ਨੇ ਕਿਹਾ ਕਿ ਠੇਕੇਦਾਰ ਨੇ ਕੰਮ ਦੌਰਾਨ ਬਹੁਤ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਹੈ, ਜਿਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਕੰਮ ਰੁਕਣ ਦੇ ਸਵਾਲ ’ਤੇ ਜੇਈ ਗਾਬਾ ਨੇ ਕਿਹਾ ਕਿ ਅੱਧਾ ਕੰਮ ਇੰਪਰੂਵਮੈਂਟ ਟਰੱਸਟ ਕੋਲ ਹੈ ਤੇ ਅੱਧਾ ਕਮੇਟੀ ਕੋਲ ਹੈ, ਜਿਨ੍ਹਾਂ ਵਿੱਚ ਆਪਸੀ ਤਾਲਮੇਲ ਦੀ ਘਾਟ ਹੈ। ਵਿਧਾਇਕ ਸੌਂਦ ਨੇ ਕਿਹਾ ਕਿ ਜਲਦ ਹੀ ਟਰੱਸਟ ਅਤੇ ਕੌਂਸਲ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਬੁਲਾਈ ਜਾਵੇਗੀ ਅਤੇ ਮਸਲੇ ਹੱਲ ਕੀਤੇ ਜਾਣਗੇ। ਇਸ ਮੌਕੇ ਰਾਜਬੀਰ ਸ਼ਰਮਾ, ਗੁਰਦੀਪ ਸਿੰਘ ਦੀਪੂ, ਜਗਤਾਰ ਸਿੰਘ, ਮਹੇਸ਼ ਕੁਮਾਰ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।