ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਅਕਤੂਬਰ
ਹਲਕਾ ਗਿੱਲ ਦੇ ਵਿਧਾਇਕ ਜਗਜੀਵਨ ਸਿੰਘ ਸੰਗੋਵਾਲ ਨੇ ਕਲੋਨਾਈਜ਼ਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੀਆਂ ਕਲੋਨੀਆਂ ਦੇ ਵਸਨੀਕਾਂ ਨੂੰ ਕਾਨੂੰਨ ਮੁਤਾਬਿਕ ਸਾਰੀਆਂ ਸਹੂਲਤਾਂ ਦੇਣ ਅਤੇ ਜਿਹੜੇ ਕਲੋਨਾਈਜ਼ਰ ਇਸ ਬਾਰੇ ਕੋਤਾਹੀ ਵਰਤਣਗੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹ ਫੁਲਾਵਰ ਐਨਕਲੇਵ ਨੇੜੇ ਬਸੰਤ ਵਾਟਿਕਾ ਵੈੱਲਫੇਅਰ ਸੁਸਾਇਟੀ ਵੱਲੋਂ ਕੀਤੇ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪਰਮਵੀਰ ਸਿੰਘ ਸੰਨੀ ਗਿੱਲ ਨੇ ਵਿਧਾਇਕ ਸੰਗੋਵਾਲ ਅਤੇ ਹਲਕਾ ਇੰਚਾਰਜ ਗਿਆਨ ਸਿੰਘ ਕਾਲੜਾ ਦਾ ਸਵਾਗਤ ਕਰਦਿਆਂ ਸੁਸਾਇਟੀ ਬਾਰੇ ਜਾਣਕਾਰੀ ਦਿੱਤੀ। ਜਨਰਲ ਸਕੱਤਰ ਗੁਲਸ਼ਨ ਸ਼ਰਮਾ ਅਤੇ ਜਗਰੂਪ ਸਿੰਘ ਨੇ ਇਲਾਕਾ ਨਿਵਾਸੀਆਂ ਦੀਆਂ ਸੜਕਾਂ, ਸੀਵਰੇਜ ਅਤੇ ਬਿਜਲੀ ਸਪਲਾਈ ਦੀ ਮੰਦੀ ਹਾਲਤ ਸਬੰਧੀ ਮੁਸ਼ਕਲਾਂ ਬਾਰੇ ਚਾਨਣਾ ਪਾਇਆ। ਸੁਸਾਇਟੀ ਦੇ ਸੀਨੀਅਰ ਮੈਂਬਰਾਂ ਡਾ ਕੁਲਵਿੰਦਰ ਸਿੰਘ ਮਾਨ, ਨਿਰਮਲ ਸਿੰਘ, ਨਰੈਣ ਸਿੰਘ, ਆਰਆਰ ਵਰਮਾ, ਅਮਰ ਦਲਜੀਤ ਸਿੰਘ ਬੱਤਰਾ ਅਤੇ ਮਨੋਜ ਮਿੱਤਲ ਵੱਲੋਂ ਵਿਧਾਇਕ ਦਾ ਸਨਮਾਨ ਕੀਤਾ ਗਿਆ।