ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਅਪਰੈਲ
ਕਣਕ ਦੀ ਵਾਢੀ ਸ਼ੁਰੂ ਹੋ ਗਈ ਹੈ ਅਤੇ ਗਰਮੀ ਦੇ ਇਸ ਮੌਸਮ ਵਿੱਚ ਬਿਜਲੀ ਦੀਆਂ ਤਾਰਾਂ ਅਤੇ ਹੋਰ ਕਾਰਨਾਂ ਕਰਕੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸ ਦੇ ਮੱਦੇਨਜ਼ਰ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਸਥਾਨਕ ਨਗਰ ਕੌਂਸਲ ਨੂੰ ਫਾਇਰ ਬ੍ਰਿਗੇਡ ਹਰ ਵੇਲੇ ਤਿਆਰ ਰੱਖਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਲਕੇ ’ਚ ਕਿਸੇ ਵੀ ਥਾਂ ਅਜਿਹੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਕਿਸਾਨਾਂ ਦੇ ਵਧੇਰੇ ਨੁਕਸਾਨ ਤੋਂ ਬਚਾਅ ਲਈ ਫੌਰੀ ਫਾਇਰ ਬ੍ਰਿਗੇਡ ਉਥੇ ਪਹੁੰਚੇ। ਉਨ੍ਹਾਂ ਇਕ ਨੰਬਰ ਵੀ ਜਾਰੀ ਕੀਤਾ ਤੇ ਕਿਸਾਨਾਂ ਨੂੰ ਲੋੜ ਪੈਣ ’ਤੇ ਫਾਇਰ ਬ੍ਰਿਗੇਡ ਬਿਨਾਂ ਦੇਰੀ ਸੱਦਣ ਲਈ ਆਖਿਆ। ਵਿਧਾਇਕ ਮਾਣੂੰਕੇ ਨੇ ਕਿਹਾ ਕਿ ਇਸ ਮਾਮਲੇ ’ਚ ਕਿਸੇ ਕਿਸਮ ਦੀ ਢਿੱਲ ਸਹਿਣ ਨਹੀਂ ਹੋਵੇਗੀ ਤੇ ਕੁਤਾਹੀ ਵਰਤਣ ਵਾਲਾ ਕੋਈ ਵੀ ਹੋਵੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਅੱਗ ਲੱਗਣ ਦੀਆਂ ਸੰਭਾਵਨਾਂਵਾਂ ਨੂੰ ਵੇਖਦੇ ਹੋਏ ਕਿਸਾਨ ਵੀ ਖੇਤਾਂ ’ਚ ਲੱਗੇ ਬਿਜਲੀ ਦੇ ਟਰਾਂਸਫਾਰਮਰਾਂ ਅਤੇ ਖੰਬਿਆਂ ਦੇ ਆਲੇ ਦੁਆਲੇ ਤੋਂ ਸੁੱਕੀ ਫਸਲ ਨੂੰ ਕੱਟ ਦੇਣ ਤਾਂ ਜੋ ਕਿਸੇ ਚੰਗਿਆੜੀ ਕਾਰਨ ਕੋਈ ਹਾਦਸਾ ਨਾ ਵਾਪਰ ਸਕੇ। ਉਨ੍ਹਾਂ ਖੇਤਾਂ ’ਚ ਪਾਣੀ ਵਾਲੀਆਂ ਖੇਲਾਂ ਭਰਕੇ ਰੱਖਣ ਅਤੇ ਕਿਸੇ ਖਾਲ਼ ਜਾਂ ਟੋਏ ’ਚ ਪਾਣੀ ਇਕੱਠਾ ਕਰਕੇ ਰੱਖਣ ਲਈ ਕਿਹਾ ਤਾਂ ਜੋ ਲੋੜ ਪੈਣ ’ਤੇ ਵਰਤਿਆ ਜਾ ਸਕੇ। ਜਿਹੜੇ ਪਿੰਡਾਂ ’ਚ ਪਾਣੀ ਵਾਲੀਆਂ ਟੈਂਕੀਆਂ ਹਨ ਉਹ ਵੀ ਪਾਣੀ ਨਾਲ ਭਰਕੇ ਤਿਆਰ ਰੱਖਣੀਆਂ ਜਾਣ।