ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਮਈ
ਥਾਣਾ ਸਿਟੀ ਅੱਗੇ ਚੱਲਦੇ ਧਰਨੇ ਦੇ 48ਵੇਂ ਦਿਨ ਅੱਜ ਧਰਨਾਕਾਰੀ ਇਕੱਠੇ ਹੋ ਕੇ ਹਲਕਾ ਵਿਧਾਇਕ ਦੇ ਦਫ਼ਤਰ ਅੱਗੇ ਪਹੁੰਚੇ ਅਤੇ ਉੱਥੇ ਹੀ ਧਰਨਾ ਦੇ ਕੇ ਕੁਲਵੰਤ ਕੌਰ ਮਾਮਲੇ ’ਚ ਇਨਸਾਫ਼ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਕਿਹਾ ਕਿ ਡੀਐੱਸਪੀ ਸਣੇ ਚਾਰ ਜਣਿਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਹੋਣ ਦੇ ਪੰਜ ਮਹੀਨੇ ਲੰਘ ਜਾਣ ਦੇ ਬਾਵਜੂਦ ਗ੍ਰਿਫ਼ਤਾਰੀਆਂ ਨਹੀਂ ਹੋ ਰਹੀਆਂ। ਪਹਿਲਾਂ ਕਥਿਤ ਪੁਲੀਸ ਤਸ਼ੱਦਦ ਕਰ ਕੇ ਸੋਲਾਂ ਸਾਲ ਕੁਲਵੰਤ ਕੌਰ ਮੰਜੇ ਨਾਲ ਲੱਗੀ ਰਹੀ ਪਰ ਕੋਈ ਕਾਰਵਾਈ ਤੱਕ ਨਹੀਂ ਹੋਈ। ਉਸ ਦੇ ਫੌਤ ਹੋਣ ਤੋਂ ਬਾਅਦ ਪੁਲੀਸ ਨੇ ਕੇਸ ਤਾਂ ਦਰਜ ਕੀਤਾ ਪਰ ਗ੍ਰਿਫ਼ਤਾਰੀਆਂ ਤੋਂ ਪੁਲੀਸ ਅਧਿਕਾਰੀ ਪਤਾ ਨਹੀਂ ਕਿਸ ਦਬਾਅ ਹੇਠ ਟਾਲਾ ਵੱਟ ਰਹੇ ਹਨ।
ਵਿਧਾਇਕ ਦਾ ਦਫ਼ਤਰ ਘੇਰਨ ਗਏ ਧਰਨਾਕਾਰੀਆਂ ਲਈ ਉਦੋਂ ਸਥਿਤੀ ਥੋੜ੍ਹੀ ਔਖੀ ਹੋ ਗਈ ਜਦੋਂ ਵਿਧਾਇਕ ਮਾਣੂੰਕੇ ਖ਼ੁਦ ਧਰਨੇ ’ਚ ਕੇ ਬੈਠ ਗਏ। ਧਰਨਾਕਾਰੀਆਂ ਨੇ ਕਰੀਬ ਦੋ ਘੰਟੇ ਮੁਜ਼ਾਹਰਾ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਤਰਲੋਚਨ ਸਿੰਘ ਝੋਰੜਾਂ, ਬੀਕੇਯੂ ਏਕਤਾ (ਉਗਰਾਹਾਂ) ਦੇ ਚਰਨ ਸਿੰਘ ਨੂਰਪੁਰਾ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਮਾਸਟਰ ਜਸਦੇਵ ਸਿੰਘ ਲਲਤੋਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਬਖਤਾਵਰ ਸਿੰਘ, ਆਗੂ ਮਦਨ ਸਿੰਘ, ਮਨੋਹਰ ਸਿੰਘ ਝੋਰੜਾਂ, ਜਗਸੀਰ ਸਿੰਘ ਢਿੱਲੋਂ, ਰਾਮਤੀਰਥ ਸਿੰਘ ਲੀਲਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਢੋਲਣ, ਮੋਹਣ ਸਿੰਘ ਬੰਗਸੀਪੁਰਾ, ਕੁਲਦੀਪ ਸਿੰਘ ਚੌਹਾਨ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਦੀ ਕਥਿਤ ਮਿਲੀਭੁਗਤ ਕਰ ਕੇ ਗ੍ਰਿਫ਼ਤਾਰੀਆਂ ਨਾ ਕਰ ਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ 15 ਜਨਤਕ ਜਥੇਬੰਦੀਆਂ ਵੱਲੋਂ ਸਥਾਨਕ ਥਾਣਾ ਸਿਟੀ ਅੱਗੇ 23 ਮਾਰਚ ਤੋਂ ਅਣਮਿਥੇ ਸਮੇਂ ਦਾ ਧਰਨਾ ਲਗਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾ ਮਾਣੂੰਕੇ ਭਾਵੇਂ ਧਰਨਾਕਾਰੀਆਂ ਨਾਲ ਧਰਨੇ ’ਚ ਬੈਠੇ ਪਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਮੁੱਦੇ ’ਤੇ ਉਨ੍ਹਾਂ ਚੁੱਪ ਵੱਟ ਲਈ ਹੈ, ਜਿਸ ਨਾਲ ਜਥੇਬੰਦੀਆਂ ਨੂੰ ਨਿਰਾਸ਼ਾ ਹੋਈ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਤੇ ਹਲਕਾ ਵਿਧਾਇਕਾ ਇਸ ਮਾਮਲੇ ਨੂੰ ਲੈ ਕੇ ਗੰਭੀਰ ਨਹੀਂ ਹਨ। ਧਰਨਾਕਾਰੀਆਂ ਨੇ ਕਿਹਾ ਕਿ ਉਹ ਇਨਸਾਫ਼ ਹਰ ਹਾਲਤ ਲੈ ਕੇ ਰਹਿਣਗੇ ਅਤੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। ਦੋਵੇਂ ਪੀੜਤ ਪਰਿਵਾਰਾਂ ਲਈ ਆਰਥਿਕ ਸਹਾਇਤਾ ਤੇ ਇੱਕ-ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਵੀ ਮੰਗ ਕੀਤੀ ਗਈ।
ਇਸ ਸਮੇਂ ਜਥੇਦਾਰ ਚੜ੍ਹਤ ਸਿੰਘ, ਬੀਕੇਯੂ ਏਕਤਾ (ਡਕੌਂਦਾ) ਦੇ ਜੱਗਾ ਸਿੰਘ ਢਿੱਲੋਂ, ਰਾਮਤੀਰਥ ਸਿੰਘ ਲੀਲਾਂ, ਬੰਤਾ ਸਿੰਘ ਡੱਲਾ, ਸਰਵਿੰਦਰ ਸਿੰਘ ਸੁਧਾਰ, ਸਾਧੂ ਸਿੰਘ ਅੱਚਰਵਾਲ, ਦਰਸ਼ਨ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।