ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 22 ਅਗਸਤ
ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਮਾਰਕੀਟ ਕਮੇਟੀ ਦਫ਼ਤਰ ਵਿੱਚ ਮੰਡੀ ਵਿਚਲੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਕਈ ਮੰਗਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਮਾਣੂੰਕੇ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਹਦਾਇਤਾਂ ਜਾਰੀ ਕੀਤੀ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਸਾਰੇ ਫੜ੍ਹ ਪੱਕੇ ਕਰਕੇ ਮੁਕੰਮਲ ਕੀਤੇ ਜਾਣ ਅਤੇ ਜਗਰਾਉਂ ਮੰਡੀ ਦੇ ਨਵੇਂ ਬਣ ਰਹੇ ਫੜ੍ਹ ਦਾ ਲੈਬਲ ਸਹੀ ਕੀਤਾ ਜਾਵੇ। ਪਾਣੀ ਦੀ ਨਿਕਾਸੀ ਦਾ ਵੀ ਢੁੱਕਵਾਂ ਪ੍ਰਬੰਧ ਕੀਤਾ ਜਾਵੇ। ਆੜ੍ਹਤੀਆਂ ਦੀ ਮੰਗ ਅਨੁਸਾਰ ਵਿਧਾਇਕਾ ਨੇ ਕਿਹਾ ਕਿ ਜਿਹੜੇ ਵੀ ਫੜ੍ਹਾਂ ਦੀ ਮੁਰੰਮਤ ਹੋਣ ਵਾਲੀ ਹੈ ਤੁਰੰਤ ਕਰਵਾਈ ਜਾਵੇ ਅਤੇ ਸਬਜ਼ੀ ਮੰਡੀ ਦੇ ਨਾਲ ਜੋ ਨਵਾਂ ਫੜ੍ਹ ਬਣਨਾ ਹੈ ਉਸ ਵਿੱਚ ਵੱਡੀਆਂ ਐੱਲਈਡੀ ਲਾਈਟਾਂ ਲਾਈਆਂ ਜਾਣ। ਸਿਵਲ ਇੰਜਨੀਅਰਿੰਗ ਵਿੰਗ ਨੂੰ ਮੰਡੀ ਦਾ ਸੀਵਰੇਜ ਤਰੰਤ ਸਾਫ਼ ਕਰਵਾਉਣ ਦੀ ਹਦਾਇਤ ਕੀਤੀ ਗਈ। ਵਿਧਾਇਕ ਮਾਣੂੰਕੇ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਮੰਡੀ ਦੇ ਮੁੱਖ ਫੜ੍ਹ ਉੱਪਰ ਦੋ ਨਵੇਂ ਸ਼ੈੱਡਾਂ ਦੀ ਉਸਾਰੀ ਦਾ ਕੰਮ ਕਰਵਾਇਆ ਜਾਵੇਗਾ। ਇਸ ਮੌਕੇ ਮੰਡੀ ਬੋਰਡ ’ਚ ਸੇਵਾ ਨਿਭਾਉਂਦੇ ਹੋਏ ਸਵਰਗਵਾਸ ਹੋ ਗਏ ਕੀਮਤੀ ਲਾਲ ਸੁਪਰਵਾਈਜ਼ਰ ਦੇ ਪੁੱਤਰ ਅਸ਼ੀਸ਼ ਅਰੋੜਾ ਨੂੰ ਤਰਸ ਦੇ ਅਧਾਰ ’ਤੇ ਨਿਯੁੱਕਤੀ ਪੱਤਰ ਵੀ ਸੌਂਪਿਆ ਗਿਆ।