ਪੱਤਰ ਪ੍ਰੇਰਕ
ਪਾਇਲ, 3 ਜੂਨ
ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸਤਵਿੰਦਰ ਸਿੰਘ ਸੇਖੋਂ, ਐੱਸਡੀਓ ਨਿਰਪਾਲ ਸਿੰਘ, ਜੇਈ ਬਚਿੱਤਰ ਸਿੰਘ ਦੀ ਹਾਜ਼ਰੀ ਦੌਰਾਨ ਲਸਾੜਾ ਡਰੇਨ ਪਿੰਡ ਜਰਗੜੀ ਵਿੱਚ ਪੰਜਾਬ ਮੰਡੀ ਬੋਰਡ ਵੱਲੋਂ ਜਾਰੀ ਕੀਤੀ ਗਈ 29 ਲੱਖ ਰੁਪਏ ਦੀ ਗ੍ਰਾਂਟ ਨਾਲ ਬਣ ਕੇ ਤਿਆਰ ਹੋਏ 50 ਫੁੱਟ ਲੰਮੇ ਤੇ 18 ਫੁੱਟ ਚੌੜਾਈ ਵਾਲੇ ਪੁਲ ਦੇ ਮੁਕੰਮਲ ਹੋਣ ’ਤੇ ਰਸਮੀ ਉਦਘਾਟਨ ਕੀਤਾ ਗਿਆ।
ਵਿਧਾਇਕ ਲਖਵੀਰ ਸਿੰਘ ਨੇ ਕਿਹਾ ਕਿ ਇਹ ਰਸਤਾ ਪਿਛਲੇ 30 ਸਾਲਾਂ ਤੋਂ ਇਲਾਕੇ ਦੇ ਲੋਕਾਂ ਲਈ ਬਰਸਾਤ ਦੇ ਦਿਨਾਂ ਵਿੱਚ ਰਾਹਗੀਰਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣਿਆ ਹੋਇਆ ਸੀ, ਜਿਸ ਦੀ ਸਮੱਸਿਆ ਦਾ ਹੱਲ ਕਰਕੇ ਮੈਂ ਆਪਣਾ ਫਰਜ਼ ਅਦਾ ਕੀਤਾ ਹੈ। ਇਸ ਸਮੇਂ ਉਪ-ਚੇਅਰਮੈਨ ਗੁਰਦੀਪ ਸਿੰਘ ਨੇ ਕਿਹਾ ਕਿ ਭਾਵੇਂ ਅਕਾਲੀ ਦਲ ਦੀ ਸਰਕਾਰ ਦਸ ਸਾਲ ਰਹੀ ਹੈ ਅਤੇ ਬਤੌਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਹਲਕੇ ਦੀ ਨੁਮਾਇੰਦਗੀ ਕੀਤੀ ਹੈ ਪਰ ਮੌਜੂਦਾ ਕਾਂਗਰਸ ਸਰਕਾਰ ਨੇ ਇਲਾਕੇ ਦੇ ਲੋਕਾਂ ਦੀ ਚਿਰਕੋਣੀ ਮੰਗ ਨੂੰ ਪੂਰਾ ਕੀਤਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਲੰਮੇ ਸਮੇਂ ਬਾਅਦ ਅਵਤਾਰ ਸਿੰਘ ਵਲੋਂ ਕੀਤੇ ਗਏ ਯਤਨਾਂ ਨੂੰ ਬੂਰ ਪਿਆ ਹੈ।
ਇਸ ਮੌਕੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਮਾਰਕੀਟ ਕਮੇਟੀ ਮਲੌਦ ਕਮਲਜੀਤ ਸਿੰਘ ਸਿਆੜ, ਡਾਇਰੈਕਟਰ ਜਸਵੰਤ ਸਿੰਘ ਬੇਰਕਲਾਂ, ਸਰਪੰਚ ਸੁਖਜੀਤ ਸਿੰਘ ਜਰਗੜੀ, ਸਰਪੰਚ ਗੁਰਜੰਟ ਸਿੰਘ ਨਿਜ਼ਾਮਪੁਰ, ਪ੍ਰੋ: ਗੁਰਮੁੱਖ ਸਿੰਘ ਗੋਮੀ ਸਿਆੜ, ਗੁਰਪ੍ਰੀਤ ਸਿੰਘ ਗੁਰੀ ਲਸਾੜਾ, ਮਨਜੀਤ ਸਿੰਘ ਮੰਨਾ ਆਦਿ ਹਾਜ਼ਰ ਸਨ।