ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਜੁਲਾਈ
ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਵਿਧਾਇਕ ਗੋਗੀ ਨੇ ਹਲਕੇ ’ਚ ਹੀ ਵਾਰਡ ਨੰਬਰ 81 ’ਚ ਰਣਜੋਧ ਪਾਰਕ ਕੋਲ ਸਥਿਤ ਇੱਕ ਡਿੱਪੂ ’ਤੇ ਛਾਪਾ ਮਾਰਿਆ। ਸ੍ਰੀ ਗੋਗੀ ਨੂੰ ਕਈ ਵਾਰ ਹਲਕੇ ਦੇ ਲੋਕ ਸ਼ਿਕਾਇਤ ਕਰ ਚੁੱਕੇ ਸਨ ਕਿ ਹਲਕੇ ’ਚ ਬਹੁਤ ਡਿੱਪੂ ਹੋਲਡਰ ਅਜਿਹੇ ਹਨ, ਜੋ ਆਪਣੀ ਮਰਜ਼ੀ ਕਰਦੇ ਹਨ ਤੇ ਲੋਕਾਂ ਨੂੰ ਉਨ੍ਹਾਂ ਦੇ ਕਾਰਡ ਅਨੁਸਾਰ ਮਿਲਣ ਵਾਲੀ ਕਣਕ ਤੋਂ ਘੱਟ ਕਣਕ ਦਿੱਤੀ ਜਾ ਰਹੀ ਹੈ। ਐਕਸ਼ਨ ’ਚ ਆਉਂਦੇ ਹੋਏ ਗੋਗੀ ਨੇ ਆਪਣੀ ਗੱਡੀ ’ਚ ਖੁਦ ਦਾ ਇਲੈਕਟ੍ਰੋਨਿਕ ਕੰਡਾ ਲਿਆ ਤੇ ਡਿੱਪੂ ਹੋਲਡਰ ਕੋਲ ਪੁੱਜ ਗਏ। ਵਿਧਾਇਕ ਨੂੰ ਦੇਖਦੇ ਹੋਏ ਡਿੱਪੂ ਹੋਲਡਰ ਘਬਰਾ ਗਿਆ। ਕਤਾਰਾਂ ਵਿੱਚ ਲੱਗੇ ਲੋਕ ਗੋਗੀ ਨੂੰ ਦੇਖ ਤੁਰੰਤ ਆਪਣੀ ਗੱਲ ਕਰਨ ਲੱਗੇ ਕਿ ਉਨ੍ਹਾਂ ਨੂੰ ਪੂਰੀ ਕਣਕ ਨਹੀਂ ਮਿਲ ਰਹੀ। ਇੱਕ ਔਰਤ ਦੀ ਕਣਕ ਤੋਲੀ ਤਾਂ ਉਸ ਦੀ ਕਣਕ 1.20 ਕੁਇੰਟਲ ਕਣਕ ਲਿਖੀ ਸੀ, ਪਰ ਤੋਲ ’ਚ ਉਹ 90 ਕਿੱਲੋ ਪਾਈ ਗਈ।
ਇਹ ਦੇਖ ਕੇ ਵਿਧਾਇਕ ਗੋਗੀ ਨੇ ਡਿੱਪੂ ਹੋਲਡਰ ਦੇ ਇੱਥੇ ਚੈਕਿੰਗ ਸ਼ੁਰੂ ਕਰਵਾ ਦਿੱਤੀ। ਵਿਧਾਇਕ ਗੋਗੀ ਨੇ ਦੱਸਿਆ ਕਿ ਮਨਦੀਪ ਸਿੰਘ ਨਾਮ ਦਾ ਡਿੱਪੂ ਹੋਲਡਰ ਹੈ। ਇਸ ਡਿੱਪੂ ਦੇ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ। ਜਿੱਥੇ ਲੋਕਾਂ ਨੂੰ ਕਣਕ ਦੀ ਪਰਚੀ ਤੱਕ ਨਹੀਂ ਦਿੱਤੀ ਜਾ ਰਹੀ। ਸਰਕਾਰ ਗਰੀਬਾਂ ਨੂੰ ਪੂਰੀ ਕਣਕ ਦੇ ਰਹੀ ਪਰ ਭ੍ਰਿਸ਼ਟਾਚਾਰੀ ਡਿੱਪੂ ਹੋਲਡਰ ਅੱਗੇ ਪੂਰੀ ਕਣਕ ਨਹੀਂ ਦੇ ਰਹੇ ਤੇ ਬਦਨਾਮੀ ਸਰਕਾਰ ਦੀ ਹੋ ਰਹੀ ਹੈ। ਸ੍ਰੀ ਗੋਗੀ ਨੇ ਡਿੱਪੂ ਹੋਲਡਰ ਦਾ ਰਿਕਾਰਡ ਚੈਕ ਕਰਵਾਇਆ। ਵਿਧਾਇਕ ਗੋਗੀ ਨੇ ਕਿਹਾ ਕਿ ਜਿੱਥੇ 5 ਲੋਕਾਂ ਦੀ ਕਣਕ ਮਿਲਣੀ ਹੈ, ਉੱਥੇ 4 ਦੀ ਦਿੱਤੀ ਜਾ ਰਹੀ ਹੈ। ਘਟਨਾ ਸਥਾਨ ’ਤੇ ਥਾਣਾ ਹੈਬੋਵਾਲ ਦੇ ਐੱਸਐੱਚਓ ਨੂੰ ਬੁਲਾਇਆ ਗਿਆ। ਜ਼ਿਕਰਯੋਗ ਹੈ ਕਿ ਮੌਕੇ ’ਤੇ ਗੋਗੀ ਨਾਲ ਡਿੱਪੂ ਹੋਲਡਰ ਨੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਭ੍ਰਿਸ਼ਟਾਚਾਰੀ ਡਿੱਪੂ ਹੋਲਡਰ ’ਤੇ ਕਾਰਵਾਈ ਕਰਕੇ ਕੇਸ ਦਰਜ ਕਰਵਾਇਆ ਜਾਵੇ ਤੇ ਉਸ ਦਾ ਲਾਇਸੈਂਸ ਵੀ ਰੱਦ ਕੀਤਾ ਜਾਵੇ।
ਵੀਡੀਓ ਦੇਖ ਕੇ ਬਣਦੀ ਕਾਰਵਾਈ ਹੋਵੇਗੀ: ਡੀਐੱਫਐੱਸਸੀ
ਵਿਧਾਇਕ ਗੋਗੀ ਨੇ ਮੌਕੇ ’ਤੇ ਹੀ ਡੀਐਫ਼ਐੱਸਸੀ ਮੀਨਾਕਸ਼ੀ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਇਸ ਘੁਟਾਲੇ ਦੀ ਜਾਣਕਾਰੀ ਦਿੱਤੀ। ਗੱਲਬਾਤ ਕਰਦੇ ਹੋਏ ਡੀਐੱਫ਼ਐੱਸਸੀ ਮੀਨਾਕਸ਼ੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਵਿਧਾਇਕ ਗੋਗੀ ਨੇ ਲਿਆਂਦਾ ਹੈ। ਵੀਡੀਓ ਦੇਖ ਕੇ ਜੋ ਬਣਦੀ ਕਾਰਵਾਈ ਹੋਵੇਗੀ, ਉਹ ਕਰ ਦਿੱਤੀ ਜਾਵੇਗੀ।