ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਸਤੰਬਰ
ਸਨਅਤੀ ਸ਼ਹਿਰ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਸ਼ਹਿਰ ਵਿੱਚ ਚੱਲ ਰਹੇ ਪ੍ਰਾਜੈਕਟਾਂ ਤੇ ਸਮਾਰਟ ਸਿਟੀ ਪ੍ਰਾਜੈਕਟਾਂ ਬਾਰੇ ਚਰਚਾ ਕੀਤੀ। ਵਿਧਾਇਕ ਗੋਗੀ ਨੇ ਸ਼ਹਿਰ ਵਿੱਚ ਆ ਰਹੀਆਂ ਸਮੱਸਿਆਵਾਂ ਤੋਂ ਵੀ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ। ਵਿਧਾਇਕ ਗੋਗੀ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਗੱਲਬਾਤ ਦੌਰਾਨ ਮਾਈਨਿੰਗ, ਉਦਯੋਗ, ਗਲਾਡਾ, ਕਾਰਪੋਰੇਸ਼ਨ, ਨਗਰ ਸੁਧਾਰ ਟਰੱਸਟ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਸਬੰਧੀ ਨਵੀਂਆਂ ਨੀਤੀਆਂ ਲਿਆਉਣ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਵਿਧਾਇਕ ਗੋਗੀ ਨੇ ਕਿਹਾ ਨਿਗਮ ਨਾਲ ਸਬੰਧਤ ਵਿਆਜ਼ ਰਹਿਤ ਵਨ ਟਾਈਮ ਸੈਟਲਮੈਂਟ ਪਾਲਿਸੀ ਵੀ ਜਲਦ ਲਿਆਂਦੀ ਜਾਵੇਗੀ ਅਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਆ ਰਹੀਆਂ ਮੁਸ਼ਕਲਾਂ ਦਾ ਵੀ ਜਲਦ ਨਬਿੇੜਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨਾਲ ਇਸ ਗੱਲ ਬਾਰੇ ਚਰਚਾ ਕੀਤੀ ਗਈ ਕਿ ਕੁੱਝ ਪ੍ਰਾਜੈਕਟ ਕਾਫ਼ੀ ਦੇਰੀ ਨਾਲ ਚੱਲ ਰਹੇ ਹਨ, ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਇਸ ਤੋਂ ਇਲਾਵਾ ਸਮਾਰਟ ਸਿਟੀ ਦੇ ਪ੍ਰਾਜੈਕਟ ਬਾਰੇ ਵੀ ਮੁੱਖ ਮੰਤਰੀ ਨਾਲ ਚਰਚਾ ਕੀਤੀ ਗਈ। ਵਿਧਾਇਕ ਗੋਗੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਉਸ ਵੇਲੇ ਸਾਰੇ ਹੀ ਮੁੱਦਿਆਂ ’ਤੇ ਅਫ਼ਸਰਾਂ ਨੂੰ ਬੁਲਾ ਕੇ ਇਨ੍ਹਾਂ ਦਾ ਹੱਲ ਕਰਵਾਉਣ ਲਈ ਕਿਹਾ। ਨਾਲ ਹੀ ਅਫ਼ਸਰਾਂ ਦੀ ਡਿਊਟੀ ਲਗਾਈ ਗਈ ਕਿ ਜਿਹੜੇ ਕੰਮਾਂ ਕਾਰਨ ਜਨਤਾ ਪ੍ਰੇਸ਼ਾਨ ਹੋ ਰਹੀ ਹੈ, ਉਨ੍ਹਾਂ ਦਾ ਹੱਲ ਜਲਦ ਤੋਂ ਜਲਦ ਕਰਵਾ ਕੇ ਉਨ੍ਹਾਂ ਨੂੰ ਰਿਪੋਰਟ ਦਿੱਤੀ ਜਾਵੇ।