ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਦਸੰਬਰ
ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖ ਕੇ ਸੂਬੇ ਦੇ ਪਟਵਾਰਖਾਨਿਆਂ ਵਿਚ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ ਅਤੇ ਰਿਸ਼ਵਤਖੋਰੀ ਨੂੰ ਰੋਕਣ ਵੱਲ ਧਿਆਨ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪਟਵਾਰ ਖਾਨਿਆਂ ਵਿੱਚ ਰਿਸ਼ਵਤਖੋਰੀ ਇੰਨੇ ਵੱਡੇ ਪੱਧਰ ਤੱਕ ਵੱਧ ਚੁੱਕੀ ਹੈ ਕਿ ਪਟਵਾਰੀ ਰਿਸ਼ਵਤ ਲਏ ਬਿਨਾਂ ਕਿਸੇ ਦਾ ਕੰਮ ਹੀ ਨਹੀਂ ਕਰਦੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਪਟਵਾਰਖਾਨਿਆਂ ਵਿਚ ਲੱਖਾਂ ਦੀ ਗਿਣਤੀ ’ਚ ਇੰਤਕਾਲ ਪੈਂਡਿੰਗ ਪਏ ਹਨ ਅਤੇ ਲੋਕਾਂ ਦਾ ਇੰਤਕਾਲ ਕਰਨ ਲਈ ਪਟਵਾਰੀਆ ਵੱਲੋਂ 1500 ਤੋਂ 2000 ਤੱਕ ਰਿਸ਼ਵਤ ਲੈ ਕੇ ਵੀ ਅੱਠ ਦਸ ਮਹੀਨੇ ਤੱਕ ਇੰਤਕਾਲ ਕਰਕੇ ਨਹੀਂ ਦਿੱਤਾ ਜਾਂਦਾ ਤੇ ਜੇਕਰ ਪਟਵਾਰੀ ਆਪਣਾ ਕੰਮ ਕਰ ਦਵੇ ਤਾਂ ਫਿਰ ਤਹਿਸੀਲਦਾਰ ਉਸ ਉਪਰ ਦਸਤਖਤ ਨਹੀਂ ਕਰਦਾ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਵਿਧਾਇਕ ਬੈਂਸ ਨੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਤਹਿਸੀਲਾਂ ਵਿਚ ਹੋ ਰਹੀ ਲੋਕਾਂ ਦੀ ਖੱਜਲ ਖੁਆਰੀ ਅਤੇ ਰਿਸ਼ਵਤਖੋਰੀ ਨੂੰ ਰੋਕਣ ਲਈ ਪੰਜਾਬ ਦੇ ਡੀਸੀ ਤੋਂ ਰਿਪੋਰਟ ਮੰਗੀ ਜਾਵੇ। ਵਿਧਾਇਕ ਬੈਂਸ ਵਾਰਡ ਨੰਬਰ-45 ਅਰਬਨ ਇਸਟੇਟ ਦੁੱਗਰੀ ਫੇਸ-1, ’ਚ ਪੰਚਸ਼ੀਲ ਪਾਰਕ ਵਿਚ ਬਣਾਏ ਓਪਨ ਜਿਮ ਦਾ ਉਦਘਾਟਨ ਕਰਨ ਪਹੁੰਚੇ ਸਨ।